ਸਾਡੇ ਸਿੱਖ ਪੰਥ ਦਾ ਇਤਿਹਾਸ ਸੁਨਹਿਰੇ ਅੱਖਰਾਂ ਵਿੱਚ ਅਜਿਹੀ ਗੂੜੀ ਸਿਆਹੀ ਨਾਲ ਲਿਖਿਆ ਗਿਆ ਹੈ ਜੋ ਕਦੇ ਵੀ ਮਿੱਟ ਨਹੀਂ ਸਕਦਾ। ਇਸ ਸਿਆਹੀ ਵਿੱਚ ਜਿਨ੍ਹਾਂ-ਜਿਨ੍ਹਾਂ ਨੇ ਵੀ ਆਪਣਾ ਯੋਗਦਾਨ ਪਾਇਆ ਹੈ, ਉਹ ਸਿੱਖ ਪੰਥ ਦੇ ਅਨਮੋਲ ਹੀਰੇ ਵੱਜੋਂ ਸਾਹਮਣੇ ਆਏ ਹਨ ਅਤੇ ਇਨ੍ਹਾਂ ਹੀਰਿਆਂ ਨੂੰ ਸੰਭਾਲ ਕੇ ਰੱਖਣਾ ਅਤੇ ਨਾਲ ਦੀਆਂ ਯਾਦਗਾਰਾਂ ਨੂੰ ਕਾਇਮ ਰੱਖਣਾ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈ। ਇਨ੍ਹਾਂ ਹੀਰਿਆਂ ਵਿੱਚੋਂ ਇੱਕ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਆਪਣੀ ਕਹਿਣੀ ਅਤੇ ਕਰਨੀ ਤੇ ਪੂਰਾ ਉਤਰਦਿਆਂ ਅਜਿਹੀ ਸ਼ਹੀਦੀ ਪਾਈ ਜੋ ਰਹਿੰਦੀ ਦੁਨੀਆਂ ਤੱਕ ਭੁਲਾਈ ਨਹੀਂ ਜਾ ਸਕਦੀ। ਸਿੱਖ ਪੰਥ ਦੇ ਦਲੇਰ, ਬਹਾਦਰ ਸਿਰਲੱਥ ਅਤੇ ਸ਼ੇਰਦਿਲ ਸੂਰਮਿਆਂ ਜਿਨ੍ਹਾਂ ਸਿੱਖੀ ਦੀ ਸ਼ਾਨ ਨੂੰ ਸਿਖਰਾਂ ’ਤੇ ਪਹੁੰਚਾ ਕੇ ਆਪਣੇ ਲਹੂ ਨਾਲ ਕੌਮ ਦੀ ਬਹਾਦਰੀ ਦਾ ਸੁਨਹਿਰੀ ਇਤਿਹਾਸ ਰਚਿਆ, ਉਹ ਸਤਿਕਾਰਯੋਗ ਸੰਨ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦਾ ਜਨਮ 16 ਮਾਘ ਸੰਮਤ (1739, ਜਨਵਰੀ 1682) ਨੂੰ ਅੰਮ੍ਰਿਤਸਰ ਸਾਹਿਬ ਦੇ ਪਿੰਡ ਪਹੁਵਿੰਡ (ਉਸ ਸਮਂੇ ਇਹ ਜ਼ਿਲ੍ਹਾ ਲਾਹੌਰ ਦੇ ਅਧੀਨ ਸੀ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਨਿਵਾਸ ਵਿਖੇ ਹੋਇਆ। ਬਾਬਾ ਜੀ ਬਾਲ ਅਵਸਥਾ ਤੋਂ ਹੀ ਦਸ਼ਮੇਸ਼ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਸਾਹਿਬ ਰਹਿਣ ਲੱਗੇ। ਇਹ ਉਨ੍ਹਾਂ ਦੇ ਹਜ਼ੂਰੀ ਸਿੰਘਾਂ ਵਿੱਚੋਂ ਸਨ। ਇਨ੍ਹਾਂ ਦਸ਼ਮੇਸ਼ ਪਿਤਾ ਪਾਸੋਂ ਅੰਮ੍ਰਿਤ ਛੱਕਿਆ ਅਤੇ ਉਨ੍ਹਾਂ ਦੇ ਨਾਲ ਹੀ ਕਈ ਯੁੱਧਾਂ ਵਿੱਚ ਹਿੱਸਾ ਲਿਆ। ਸੰਨ 1706 ਈਸਵੀ ਵਿੱਚ ਜਦੋਂ ਕਲਗੀਧਰ ਨਾਂਦੇੜ ਸਾਹਿਬ ਚੱਲੇ ਗਏ ਤਾਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ (ਤਲਵੰਡੀ ਸਾਬੋਂ) ਵਿਖੇ ਟਿਕ ਗਏ। ਉੱਥੇ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਨਾਲ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਵਿੱਚ ਉਨ੍ਹਾਂ ਦੇ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦਾ ਉਤਾਰਾ ਕੀਤਾ। ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਆਪਣਾ ਜੱਥਾ ਲੈ ਕੇ ਉਨ੍ਹਾਂ ਨਾਲ ਲੈ ਕੇ ਜਾ ਮਿਲੇ। ਇਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਸਾਥ ਦਿੰਦੇ ਹੋਏ ਸੰਨ 1708 ਈਸਵੀ ਤੋਂ ਲੈ ਕੇ 1716 ਤੱਕ ਕਈ ਜੰਗਾਂ ਫਤਹਿ ਕੀਤੀਆਂ। ਹਰ ਲੜਾਈ ਵਿੱਚ ਇਹ ਹਮੇਸ਼ਾਂ ਅੱਗੇ ਹੋ ਕੇ ਲੜਦੇ ਰਹੇ ਅਤੇ ਜਿੱਤ ਪ੍ਰਾਪਤ ਕੀਤੀ। ਇਸ ਲਈ ਇਨ੍ਹਾਂ ਦੇ ਜੱਥੇ ਦਾ ਨਾਂਅ ਸ਼ਹੀਦਾਂ ਦਾ ਜੱਥਾ ਤੇ ਬਾਬਾ ਜੀ ਦਾ ਲਕਬ ਸ਼ਹੀਦ ਪੈ ਗਿਆ, ਜਿਸ ਦਾ ਅਰਥ ਹੁੰਦਾ ਹੈ ਗਵਾਹ ਸਾਖੀ ਜਾਂ ਅਜਿਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਦੀ ਤਿਆਰ ਕੀਤੀ ਬੀੜ ਦਾ ਉਤਾਰਾ ਕਰਕੇ ਤਿੰਨ ਹੋਰ ਬੀੜਾਂ ਤਿਆਰ ਕੀਤੀਆਂ। ਉਨ੍ਹਾਂ ਵਿੱਚੋਂ ਇੱਕ ਆਨੰਦਪੁਰ ਸਾਹਿਬ, ਦੂਸਰੀ (ਪਟਨਾ ਸਾਹਿਬ) ਤੀਸਰੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਲਈ ਭੇਜ ਦਿੱਤੀ। ਸੰਨ 1748 ਦੇ ਵਿਸਾਖੀ ਦਿਹਾੜੇ ਤੇ ਜਦ ਮਿਸਲਾਂ ਬਣੀਆਂ ਤਾਂ ਮਿਸਲ ਸ਼ਹੀਦ ਬਾਕੀ ਮਿਸਲਾਂ ਵਾਂਗ ਇੱਕ ਸੁਤੰਤਰ ਮਿਸਲ ਬਣ ਗਈ। ਬਾਬਾ ਦੀਪ ਸਿੰਘ ਜੀ ਨੂੰ ਇਸ ਦਾ ਜੱਥੇਦਾਰ ਥਾਪਿਆ ਗਿਆ। ਉੱਧਰ ਅਹਿਮਦ ਸ਼ਾਹ ਅਬਦਾਲੀ ਜਦੋਂ ਪੰਜਾਬ ਤੇ ਚੌਥਾ ਹਮਲਾ ਕਰਕੇ ਪਰਤਿਆ ਤਾਂ ਜਾਂਦਾ ਜਾਂਦਾ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਗਿਆ। ਇਸ ਤੋਂ ਬਾਅਦ ਉਸ ਦੇ ਨਾਇਬ ਤੇ ਸੈਨਾਪਤੀ ਜਰਨੈਲ ਜਹਾਨ ਖਾਂ ਨੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਥੋੜ੍ਹੇ ਜਿਹੇ ਸਾਥੀਆਂ ਨਾਲ ਜਹਾਨ ਖਾਨ ਦੀ ਵੱਡੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ੇਰਦਿਲ ਸੂਰਮਿਆਂ ਵਾਂਗ ਲੜਦੇ ਹੋਏ ਸ਼ਹੀਦੀ ਪਾ ਗਏ। ਜਹਾਨ ਖਾਂ ਨੇ ਅੰਮ੍ਰਿਤਸਰ ’ਤੇ ਕਬਜ਼ਾ ਕਰਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਗਿਰਾ ਦਿੱਤਾ ਅਤੇ ਪਵਿੱਤਰ ਸਰੋਵਰ ਮਿੱਟੀ ਨਾਲ ਪੂਰ ਦਿੱਤਾ।
ਜਦੋਂ ਇਹ ਖਬਰ ਜੱਥੇਦਾਰ ਭਾਗ ਸਿੰਘ ਨੇ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਤੱਕ ਪਹੁੰਚਾਈ ਤਾਂ ਉਹ ਦਮਦਮਾ ਸਾਹਿਬ ਦੀ ਸੇਵਾ ਆਪਣੇ ਭਤੀਜੇ ਭਾਈ ਸੱਦਾ ਸਿੰਘ ਨੂੰ ਸੌਂਪ ਕੇ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਆਪਣੀ ਫੌਜ ਸਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੜ੍ਹ ਪਏ। ਬਾਬਾ ਜੀ ਦੇ ਤਰਨਤਾਰਨ ਤੱਕ ਪਹੁੰਚਣ ਸਮੇਂ ਸੂਰਵੀਰ ਬਾਬਾ ਨੋਧ ਸਿੰਘ ਜੀ ਸਹਿਤ ਵੱਡੀ ਗਿਣਤੀ ਵਿੱਚ ਸਿੰਘ ਬਾਬਾ ਜੀ ਦੇ ਦਲ ਵਿੱਚ ਸ਼ਾਮਲ ਹੋ ਗਏ। ਗੋਲਵੜ ਵਿਖੇ ਸਿੰਘਾਂ ਅਤੇ ਜਹਾਨ ਖਾਂ ਦੀਆਂ ਫੌਜਾਂ ਵਿਚਾਲੇ ਯੁੱਧ ਆਰੰਭ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣਾ ਦੋ ਧਾਰਾ ਖੰਡਾ ਇਸ ਤਰ੍ਹਾਂ ਚਲਾਇਆ ਕਿ ਆਸ-ਪਾਸ ਜਿੱਧਰ ਵੀ ਨਜਰ ਜਾਂਦੀ ਫੌਰੀ ਫੌਜ ਨੂੰ ਆਪਣੇ ਸਾਥੀਆਂ ਦੇ ਧੜਾਂ ਤੋਂ ਅਲੱਗ ਹੋਏ ਸਿਰ ਹੀ ਨਜ਼ਰ ਆਉਂਦੇ। ਅਚਾਨਕ ਬਾਬਾ ਦੀਪ ਸਿੰਘ ਅਤੇ ਜਰਨੈਲ ਆਹਮਣੇ ਸਾਹਮਣੇ ਹੋ ਗਏ। ਦੋਵਾਂ ਦੇ ਸਾਂਝੇ ਵਾਰ ਨਾਲ ਇੱਕੋ ਸਮੇਂ ਦੋਵਾਂ ਦੇ ਸੀਸ ਧੜ ਤੋਂ ਅਲੱਗ ਹੋ ਗਏ। ਪ੍ਰਸਿੱਧ ਲੇਖਕਾ, ਸਿੱਖ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਬਾਬਾ ਦੀਪ ਸਿੰਘ ਜੀ ਆਪਣਾ ਡਿੱਗਿਆ ਸੀਸ ਖੱਬੇ ਹੱਥ ’ਤੇ ਰੱਖ ਕੇ ਸੱਜੇ ਵਿੱਚ ਫੜੇ ਖੰਡੇ ਨਾਲ ਲੜਦੇ ਰਹੇ ਅਤੇ ਲੜਦੇ ਲੜਦੇ ਚਾਟੀਵਿੰਡ ਪਹੁੰਚ ਗਏ। ਉੱਥੇ ਉਨ੍ਹਾਂ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵੱਲ ਭੇਟ ਕਰ ਦਿੱਤਾ। ਇਸ ਤਰ੍ਹਾਂ ਨਾਲ ਬਾਬਾ ਦੀਪ ਸਿੰਘ ਜੀ 13 ਨਵੰਬਰ 1757 ਨੂੰ ਸ਼ਹੀਦੀ ਪਾ ਗਏ। ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਦੇ ਪਾਸ ਹੀ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲੇ ਅਸਥਾਨ ਤੇ ਬਾਬਾ ਜੀ ਦੇ ਧੜ ਅਤੇ ਹੋਰਨਾਂ ਯੁੱਧਾਂ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕੀਤਾ ਗਿਆ। ਚਾਟੀ ਵਿੰਡ ਦੇ ਬਾਹਰਵਾਰ ਜਿੱਥੇ ਗੁਰਦੁਆਰਾ ਸਾਹਿਬ ਦੀ ਮੌਜੂਦਾ ੍ਯਇਮਾਰਤ ਮੌਜੂਦ ਹੈ। ਇੱਥੇ ਪਹਿਲਾਂ ਛੋਟੇ ਆਕਾਰ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਸੀ। ਇਸ ਦੇ ਆਸੇ ਪਾਸੇ ਬਹੁਤ ਸਾਰੀਆਂ ਰਾਮਗੜ੍ਹੀਆਂ ਸਰਦਾਰਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਕੁੱਝ ਇੱਕ ਨੂੰ ਛੱਡ ਕੇ ਬਾਕੀ ਸਭ ਅਕਾਲੀ ਲਹਿਰ ਵੇਲੇ ਢਾਹ ਦਿੱਤੀਆਂ ਗਈਆਂ। ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੀ ਇਮਾਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਆਲੀਸ਼ਾਨ ਬਣਵਾ ਦਿੱਤੀ ਹੈ। ਹਰ ਐਤਵਾਰ ਨੂੰ ਇਸ ਅਸਥਾਨ ’ਤੇ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ। ਇੱਥੇ ਬਾਬਾ ਜੀ ਦਾ ਜਨਮ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਬਾਬਾ ਜੀ ਦੇ ਸ਼ਰਧਾਲੂ ਸੇਵਕ ਪਹੁੰਚਦੇ ਹਨ।