Fourth Guru-Guru Ram Das Ji

ਗੁਰੂ ਰਾਮ ਦਾਸ

ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ।
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਣੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ।
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਇਸਵੀ ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ। ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ।

ਧੰਨੁ ਧੰਨੁ ਰਾਮਦਾਸ ਗੁਰੁ

(ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ)

ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਲਾਹੌਰ ਵਿਖੇ, ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਚ, ੨੪ ਸਤੰਬਰ ੧੫੩੪ ਨੂੰ ਪਰਗਟ ਹੋਏ। ਬਚਪਨ ਵਿੱਚ ਆਪ ਜੀ ਦਾ ਨਾਂ ਜੇਠਾ ਸੀ। ਸੁਜਾਨ ਪਾਠਕ ਜਾਣ ਹੀ ਗਏ ਹੋਣਗੇ ਕਿ ਇਸ ਤਰ੍ਹਾਂ ਇਕੋ ਸਮੇ ਸਰੀਰਕ ਤੌਰ ਤੇ ਚਾਰੇ ਗੁਰੂ ਸਾਹਿਬਾਨ ਇਸ ਸੰਸਾਰ ਵਿੱਚ ਵਿਚਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ੧੫੩੯ ਵਿੱਚ ਜੋਤੀ ਜੋਤਿ ਸਮਾਏ ਸ੍ਰੀ ਗੁਰੂ ਅੰਗਦ ਦੇਵ ਜੀ ਸੰਨ ੧੫੦੪ ਵਿੱਚ ਪਰਗਟ ਹੋਏ ਤੇ ਸ੍ਰੀ ਗੁਰੂ ਅਮਰਦਾਸ ਜੀ ੧੪੭੯ ਵਿਚ। ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਕੇਵਲ ਦਸ ਸਾਲ ਹੀ ਛੋਟੇ ਸਨ ਜੋ ਕਿ ਬਾਅਦ ਵਿੱਚ ਤੀਜੇ ਥਾਂ ਸਤਿਗੁਰਾਂ ਦੇ ਰੂਪ ਵਿੱਚ ਸਥਾਪਨ ਹੋਏ।

ਅਜੇ ਬਾਲ ਅਵੱਸਥਾ ਵਿੱਚ ਹੀ ਸਨ ਕਿ ਆਪ ਜੀ ਦੇ ਮਾਤਾ ਪਿਤਾ ਵਾਰੀ ਵਾਰੀ ਅਕਾਲ ਪੁਰਖ ਦੇ ਭਾਣੇ ਅੰਦਰ ਪਰਲੋਕ ਸਿਧਾਰ ਗਏ ਤੇ ਆਪ ਜੀ ਯਤੀਮ ਹੋ ਗਏ। ਯਤੀਮ ਦੋਹਤੇ ਦਾ ਲਾਹੌਰ ਵਿੱਚ ਰਹਿਣਾ ਮੁਸ਼ਕਲ ਜਾਣ ਕੇ ਆਪ ਜੀ ਦੇ ਨਾਨੀ ਜੀ ਆਪਣੇ ਪਿੰਡ ਬਾਸਰਕੇ ਲੈ ਆਏ। ਦੇਵ ਨੇਤ ਹੀ ਇਹ ਪਿੰਡ ਸ੍ਰੀ ਗੁਰੂ ਅਮਰਦਾਸ ਜੀ ਦਾ ਆਪਣਾ ਜਨਮ ਸਥਾਨ ਦਾ ਪਿੰਡ ਸੀ। ਏਥੇ ਆ ਕੇ ਜੋ ਪੰਜਾਬ ਦੇ ਖੱਤਰੀ ਸਮਾਜ ਦਾ ਕਾਰਜ ਹੁੰਦਾ ਹੈ ਦੁਕਾਨਦਾਰੀ, ਵਾਪਾਰ ਆਦਿ ਖਾਨਦਾਨੀ ਕਿੱਤਾ, ਸਤਿਕਾਰਯੋਗ ਨਾਨੀ ਜੀ ਨੇ ਬਚਪਨ ਤੋਂ ਹੀ ਭਾਈ ਜੇਠਾ ਜੀ ਨੂੰ ਸਿਖਾਉਣਾ ਆਰੰਭ ਕਰ ਦਿਤਾ ਤਾਂ ਕਿ ਸਮਾ ਆਉਣ ਤੇ ਬੱਚਾ ਆਰਥਿਕ ਤੌਰ ਤੇ ਆਪਣੇ ਪੈਰਾਂ ਸਿਰ ਖੜ੍ਹਾ ਹੋ ਸਕੇ ਤੇ ਨਾਲ਼ੇ ਘਰ ਵਿੱਚ ਗ਼ਰੀਬੀ ਹੋਣ ਕਰਕੇ ਵੀ ਛੋਟੀ ਉਮਰ ਤੋਂ ਹੀ ਕੁੱਝ ਕਮਾਉਣ ਲੱਗ ਪਏ। ਨਾਨੀ ਜੀ ਨੇ ਛੋਲਿਆਂ ਨੂੰ ਉਬਾਲ਼ ਕੇ ਉਹਨਾਂ ਦੀਆਂ ਘੁੰਙਣੀਆਂ ਬਣਾ ਕੇ ਇੱਕ ਛਾਬੇ ਵਿੱਚ ਸਜਾ ਕੇ ਰੋਜ਼ਾਨਾ ਬਾਲਕ ਭਾਈ ਜੇਠਾ ਜੀ ਨੂੰ ਵੇਚਣ ਲਈ ਭੇਜਣਾ। ਆਪ ਜੀ ਬਚਪਨ ਤੋਂ ਹੀ ਉਦਾਰ ਚਿੱਤ ਹੋਣ ਕਰਕੇ ਕਿਰਸੀ ਬਿਰਤੀ ਦੇ ਧਾਰਨੀ ਨਹੀ ਸਨ ਤੇ ਇਸ ਤਰ੍ਹਾਂ ਲੋੜਵੰਦਾਂ ਨੂੰ ਹੁਦਾਰ ਜਾਂ ਮੁਫਤ ਵੀ ਘੁੰਙਣੀਆਂ ਖਵਾ ਦੇਣੀਆਂ ਤੇ ਪੈਸਿਆਂ ਦੀ ਕੋਈ ਪਰਵਾਹ ਨਾ ਕਰਨੀ। ਇਹ ਚਾਲੇ ਵੇਖ ਕੇ ਆਪ ਦੇ ਨਾਨਾ ਜੀ ਨੇ ਸਖ਼ਤੀ ਨਾਲ਼ ਵੀ ਦੁਨੀਆਦਾਰੀ ਦੀ ਸਮਝ ਦੇਣ ਦਾ ਯਤਨ ਕਰਨਾ।

ਬਾਸਰਕੇ ਪਿੰਡ ਦੀ ਸੰਗਤ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਸ੍ਰੀ ਗੋਇੰਦਵਾਲ਼ ਸਾਹਿਬ ਜਾਇਆ ਕਰਦੀ ਸੀ। ਇੱਕ ਦਿਨ ਆਪ ਜੀ ਵੀ ਗੁਰੂ-ਪ੍ਰੇਮ ਦੀ ਖਿੱਚ ਸਦਕਾ, ਸੰਗਤ ਦੇ ਨਾਲ਼ ਹੀ ਤੁਰ ਪਏ ਤੇ ਗੁਰੂ ਜੀ ਦੇ ਦਰਸ਼ਨਾਂ ਉਪ੍ਰੰਤ ਪ੍ਰੇਮ ਦੇ ਖਿੱਚੇ ਹੋਏ, ਪਹਿਲੇ ਗੁਰੂ ਸਾਹਿਬਾਨ ਵਾਂਗ ਹੀ ਸਦਾ ਲਈ ਗੁਰੂ ਚਰਨਾਂ ਵਿੱਚ ਟਿਕ ਗਏ। ਗੁਰੂ ਦਰਬਾਰ ਵਿੱਚ ਰਾਤ ਦਿਨ ਨਿਸ਼ਕਾਮ ਸੇਵਾ ਦੀ ਕਰੜੀ ਘਾਲ ਕਮਾਈ ਕਰਦੇ ਹੋੇਏ ਕਬੀਰ ਜੀ ਦੇ ਸ਼ਬਦਾਂ ਵਿਚ, “ਸੰਤਨ ਸੰਗਿ ਕਬੀਰਾ ਬਿਗਰਿਓ॥ ਸੋ ਕਬੀਰੁ ਰਾਮੈ ਹੋਏ ਨਿਬਰਿਓ॥” (੧੧੫੮) ਆਪ ਜੀ ਸੇਵਕ ਤੋਂ ਸੇਵਾ ਕਰਕੇ ਅੰਤ ਵਿੱਚ ਗੁਰੂ ਦਾ ਰੂਪ ਹੀ ਹੋ ਨਿੱਬੜੇ।

ਇਸ ਤਰ੍ਹਾਂ ਭਾਈ ਜੇਠਾ ਜੀ ਗੁਰੂ ਘਰ ਦੀ ਗਾਖੜੀ ਸੇਵਾ ਵਿੱਚ ਲੀਨ ਸਨ ਕਿ ਇੱਕ ਖਾਸ ਘਟਨਾ ਘਟ ਗਈ। ਤੀਜੇ ਗੁਰੂ ਜੀ ਦੇ ਮਹਿਲ ਮਾਤਾ ਰਾਮ ਕੌਰ ਜੀ ਨੇ ਇੱਕ ਦਿਨ ਆਪਣੇ ਪਤੀ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਛੋਟੀ ਸਾਹਿਬਜ਼ਾਦੀ ਬੀਬੀ ਭਾਨੀ ਸੁਖ ਨਾਲ਼ ਸਿਆਣੀ ਹੋ ਗਈ ਹੈ ਤੇ ਇਸਦੇ ਵਿਆਹ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਹੈ ਵੀ ਠੀਕ ਕਿ ਬੱਚਿਆਂ ਦੇ ਖਾਨ, ਪਾਨ, ਵਿੱਦਿਆ, ਸੇਹਤ, ਪਰਵਰਸ਼ ਆਦਿ ਤੋਂ ਬਾਅਦ ਸਮਾ ਆਉਣ ਤੇ ਉਹਨਾਂ ਦੇ ਵਿਆਹ ਦਾ ਵੀ, ਆਪਣੀ ਜ਼ੁੰਮੇਵਾਰੀ ਸਮਝ ਕੇ, ਸਿਅਣੇ ਮਾਪਿਆਂ ਨੂੰ ਫਿਕਰ ਹੁੰਦਾ ਹੈ ਤੇ ਉਹ ਇਸ ਫ਼ਰਜ਼ ਨੂੰ ਅੱਖੋਂ ਓਹਲੇ ਨਹੀ ਕਰਦੇ। ਬਹੁਤੀ ਵਾਰੀਂ ਇਉ ਵੀ ਹੁੰਦਾ ਹੈ ਕਿ ਪਿਤਾ ਤਾਂ ਆਪਣੀ ਪੁੱਤਰੀ ਨੂੰ ਪਹਿਲਾਂ ਵਾਂਗ ਬੱਚੀ ਹੀ ਸਮਝਦਾ ਹੈ ਤੇ ਉਸਦੇ ਵਿਆਹ ਦੇ ਯੋਗ ਹੋ ਜਾਣ ਬਾਰੇ ਉਸਨੂੰ ਕੋਈ ਖਿਆਲ ਹੀ ਨਹੀ ਹੁੰਦਾ ਪਰ ਸਿਆਣੀਆਂ ਮਾਵਾਂ ਸਮੇ ਸਿਰ ਸੁਚੇਤ ਹੋ ਜਾਂਦੀਆਂ ਹਨ ਤੇ ਆਪਣੀਆਂ ਬੱਚੀਆਂ ਦੀ ਸ਼ਾਦੀ ਦਾ ਪ੍ਰਬੰਧ ਕਰਨ ਲਈ ਆਪਣੇ ਪਤੀਆਂ ਨੂੰ ਸੁਚੇਤ ਕਰ ਦਿੰਦੀਆਂ ਹਨ। ਸੋ ਸਮੇ ਦੇ ਰਿਵਾਜ਼ ਅਨੁਸਾਰ ਜਦੋਂ ਲਾਗੀ ਨੂੰ ਆਪਣੀ ਬੱਚੀ ਵਾਸਤੇ ਯੋਗ ਵਰ ਲਭਣ ਲਈ ਤੋਰਨ ਲੱਗੇ ਤਾਂ ਅਚਾਨਕ ਮਾਤਾ ਜੀ ਦੀ ਨਿਗਾਹ ਸਾਹਮਣੇ ਆਏ ਭਾਈ ਜੇਠਾ ਜੀ ਉਪਰ ਪੈ ਗਈ। ਮਾਤਾ ਜੀ ਦੇ ਮੂਹੋਂ ਅਚਾਨਕ ਬਿਨਾ ਕੁੱਝ ਵਿਚਾਰੇ ਦੇ ਹੀ ਨਿਕਲ਼ ਗਿਆ, “ਵਰ ਐਸ ਕਾਕੇ ਜਿਹਾ ਹੋਵੇ!” ਆਪਣੇ ਮਹਿਲਾਂ ਦੇ ਮੁਖੋਂ ਇਹ ਸੁਣਕੇ ਗੁਰੂ ਜੀ ਨੇ ਕਿਹਾ, “ਇਸ ਜੇਹਾ ਤਾਂ ਫਿਰ ਏਹੋ ਹੀ ਹੈ।” ਬਿਨਾ ਭਾਈ ਜੇਠਾ ਜੀ ਦੇ ਪਰਵਾਰਕ ਪਿਛੋਕੜ ਵਿਚਾਰਨ ਦੇ ਗੁਰੂ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਜੀ ਦਾ ਮੰਗਣਾ ਭਾਈ ਜੇਠਾ ਜੀ ਨਾਲ਼ ਕਰ ਦਿਤਾ ਤੇ ਕੁੱਝ ਸਮੇ ਬਾਅਦ, ੧੫੫੩ ਵਿਚ, ਬੀਬੀ ਭਾਨੀ ਜੀ ਤੇ ਭਾਈ ਜੇਠਾ ਜੀ ਦਾ ਵਿਆਹ ਵੀ ਕਰ ਦਿਤਾ ਗਿਆ।

ਵਿਆਹ ਉਪ੍ਰੰਤ ਵੀ ਭਾਈ ਜੇਠਾ ਜੀ ਨੇ ਦੁਨਿਆਵੀ ਰਿਸ਼ਤੇ ਦਾ ਕਦੀ ਵੀ ਕੋਈ ਮਾਣ ਨਾ ਕੀਤਾ ਤੇ ਇੱਕ ਸੱਚੇ ਸੇਵਕ ਵਾਂਗ ਹੀ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਮਾਉਂਦੇ ਰਹੇ। ਗੁਰੂ ਜੀ ਦੇ ਵੱਡੇ ਦਾਮਾਦ. ਬੀਬੀ ਦਾਨੀ ਦੇ ਪਤੀ ਭਾਈ ਰਾਮਾ ਜੀ ਵੀ ਗੁਰੂ ਦਰ ਤੇ ਹੀ ਰਹਿ ਕੇ ਸੇਵਾ ਕਮਾ ਰਹੇ ਸਨ। ਏਸੇ ਸਮੇ ਦੌਰਾਨ ਹੀ ਆਪ ਜੀ ਦੇ ਘਰ ਤਿੰਨ ਸਾਹਿਬਜ਼ਾਦਿਆਂ ਨੇ ਜਨਮ ਲਿਆ: ਵੱਡੇ ਬਾਬਾ ਪ੍ਰਿਥੀ ਚੰਦ ਜੀ, ਵਿਚਕਾਰਲੇ ਬਾਬਾ ਮਹਾਂ ਦੇਵ ਜੀ ਤੇ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ। ਸ੍ਰੀ ਗੁਰੂ ਅਮਰਦਾਸ ਜੀ ਆਪ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਆਪ ਜੀ ਨੂੰ ‘ਰਾਮਦਾਸ’ ਨਾਂ ਨਾਲ਼ ਹੀ ਸੰਬੋਧਨ ਕਰਿਆ ਕਰਦੇ ਸਨ। ਏਹਨੀ ਦਿਨੀਂ ਹੀ ਲਾਹੌਰ ਤੋਂ, ਭਾਈ ਜੇਠਾ ਜੀ ਦੇ ਸ਼ਰੀਕੇ ਭਾਈਚਾਰੇ ਦੇ ਸੋਢੀ, ਹਰਿ ਦੁਆਰ ਜਾਂਦੇ ਹੋਏ ਸ੍ਰੀ ਗੋਇੰਦਵਾਲ਼ ਸਹਿਬ ਰੁਕੇ। ਉਹਨਾਂ ਦੇ ਵਿਚਾਰ ਵਿੱਚ ਸੀ ਕਿ ਸਾਡਾ ਮੁੰਡਾ ਗੁਰੂ ਦਾ ਜਵਾਈ ਹੈ ਤੇ ਗੁਰੂ ਘਰ ਦੀ ਵਡਿਆਈ ਸਾਰੇ ਪ੍ਰਸਿਧ ਹੀ ਸੀ; ਇਸ ਲਈ ਉਹ ਸੋਚਦੇ ਸਨ ਕਿ ਓਥੇ ਸਾਡੇ ਮੁੰਡੇ ਦੀ ਬੜੀ ਪੁੱਛ ਗਿੱਛ ਹੋਵੇਗੀ। ਸਾਨੂੰ ਕੁੜਮਾਚਾਰੀ ਕਰਕੇ ਉਚੇਚਾ ਆਦਰ ਮਾਣ ਮਿਲ਼ੇਗਾ ਤੇ ਸਾਡੀ ਵਿਸ਼ੇਸ਼ ਸੇਵਾ ਹੋਵੇਗੀ ਪਰ ਗੁਰੂ ਘਰ ਵਿੱਚ ਤਾਂ, “ਗੁਰਸਿਖਾਂ ਇਕੋ ਪਿਅਰ ਗੁਰ ਮਿਤਾਂ ਪੁਤਾਂ ਭਾਈਆਂ॥” ਵਾਲ਼ਾ ਵਰਤਾਰਾ ਹੀ ਵਰਤਦਾ ਸੀ। ਜਦੋਂ ਉਨਾਂ ਨੇ ਵੇਖਿਆ ਕਿ ਭਾਈ ਜੇਠਾ ਜੀ ਓਥੇ ਆਮ ਸਿੱਖਾਂ ਵਾਂਗ ਹੀ ਸੇਵਾ ਕਰ ਰਹੇ ਹਨ ਤੇ ਜਵਾਈਆਂ ਭਾਈਆਂ ਵਾਲ਼ਾ ਵਰਤਾਰਾ ਕੋਈ ਨਾ ਦਿਸਿਆ ਤਾਂ ਉਹ ਗੁੱਸੇ ਵਿੱਚ ਬੁਰਾ ਭਲਾ ਬੋਲਣ ਲੱਗ ਪਏ। ਭਾਈ ਜੇਠਾ ਜੀ ਨੂੰ ਤਾਹਨੇ ਮਾਰਨ ਲੱਗ ਪਏ ਕਿ ਜੇ ਇਸ ਤਰ੍ਹਾਂ ਟੋਕਰੀ ਢੋ ਕੇ ਹੀ ਰੋਟੀ ਖਾਣੀ ਸੀ ਤਾਂ ਸਹੁਰਿਆਂ ਦਾ ਘਰ ਹੀ ਰਹਿ ਗਿਆ ਸੀ! ਕਿਤੇ ਹੋਰ ਮੇਹਨਤ ਮਜ਼ੂਰੀ ਕਰ ਲੈਂਦਾ!” ਬੁੜ ਬੁੜ ਕਰਦੇ ਹੀ ਗੁਰੂ ਜੀ ਪਾਸ ਜਾਕੇ ਵੀ ਹੰਕਾਰ ਦੇ ਬਚਨ ਕਰਨ ਲੱਗ ਪਏ। ਉਹਨਾਂ ਨੂੰ ਉਲਾਹਮਾ ਦੇ ਕੇ ਆਖਣ ਲੱਗੇ, “ਜੇ ਸਾਡੇ ਮੁੰਡੇ ਨੂੰ ਦੁਨੀਆਦਾਰੀ ਦੀ ਸਮਝ ਨਹੀ ਤਾਂ ਤੁਸੀਂ ਤਾਂ ਸਿਆਣੇ ਬਿਆਣੇ ਸੀ। ਤੁਸੀਂ ਘਰ ਜਵਾਈ ਨੂੰ ਇਸ ਤਰ੍ਹਾਂ ਮਜਦੂਰਾਂ ਵਾਂਗ ਟੋਕਰੀ ਢੋਣ ਲਾਇਆ ਹੋਇਆ ਹੈ। ਤੁਹਾਨੂੰ ਕੁੱਝ ਵੀ ਲੋਕ ਲਾਜ ਦਾ ਖਿਆਲ ਨਹੀ!” ਗੁਰੂ ਜੀ ਨੇ ਮੁਸਕਰਾ ਕੇ ਆਖਿਆ, “ਪੁਰਖਾ, ਇਹ ਟੋਕਰੀ ਨਹੀ, ਭਾਈ ਜੇਠਾ ਜੀ ਦੇ ਸਿਰ ਤੇ ਦੀਨ ਦੁਨੀ ਦਾ ਛਤਰ ਹੈ।” ਪਰ ਉਹ ਭੋਲ਼ੇ ਦੁਨਿਆਵੀ ਸੋਚ ਵਾਲ਼ੇ ਲੋਕ ਕੀ ਜਾਨਣ ਗੁਰੂ ਦੀਆਂ ਰਮਜ਼ਾਂ ਨੂੰ! ਭਾਈ ਜੇਠਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਜੀ ਦੀ ਸੇਵਾ ਵਿੱਚ ਬੇਨਤੀ ਕਰਦਿਆਂ ਆਖਿਆ ਕਿ ਉਹ ਗੁਰੂ ਦੀ ਮਹਿਮਾ ਨੂੰ ਨਹੀ ਜਾਣਦੇ। ਇਸ ਲਈ ਨਿੱਕੀਆਂ ਗੱਲਾਂ ਕਰਦੇ ਹਨ। ਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਮੁਆਫ ਕਰ ਦੇਣ। ਭਾਈ ਜੇਠਾ ਜੀ ਦਾ ਲਾਹੌਰੀ ਸ਼ਰੀਕਾ ਰਾਤ ਰਹਿ ਕੇ ਅਗਲੇ ਦਿਨ ਅੱਗੇ ਨੂੰ ਤੁਰ ਗਿਆ।

ਗੁਰੂ ਜੀ ਜਾਣਦੇ ਹੀ ਸਨ ਕਿ ਗੁਰੂ ਨਾਨਕ ਦੀ ਗੱਦੀ ਦਾ ਅਧਿਕਾਰੀ ਅਸਲ ਵਿੱਚ ਕੌਣ ਹੈ ਪਰ ਸੰਗਤਾਂ ਵਿੱਚ ਗੁਰੂ ਜੀ ਦੇ ਦੋਵੇਂ ਦਾਮਾਦ ਹੀ ਇਕੋ ਜਿੰਨੇ ਸਤਿਕਾਰ ਦੇ ਪਾਤਰ ਸਨ ਤੇ ਕੋਈ ਨਹੀ ਸੀ ਜਾਣਦਾ ਕਿ ਇਹਨਾਂ ਦੋਹਾਂ ਵਿਚੋਂ ਕੌਣ ਇਹ ਮਾਣ ਪ੍ਰਾਪਤ ਕਰੇਗਾ। ਸਾਹਿਬਜ਼ਾਦਿਆਂ ਬਾਰੇ ਤਾਂ ਸੰਗਤਾਂ ਨੂੰ ਪਤਾ ਲੱਗ ਹੀ ਚੁੱਕਿਆ ਸੀ ਕਿ ਉਹਨਾਂ ਦੋਹਾਂ ਵਿਚੋਂ ਕਿਸੇ ਨੂੰ ਇਹ ਮਾਣ ਨਹੀ ਪ੍ਰਾਪਤ ਹੋਵੇਗਾ। ਆਪਣਾ ਅੰਤਮ ਸਮਾ ਨੇੜੇ ਜਾਣਕੇ ਇੱਕ ਦਿਨ ਗੁਰੂ ਜੀ ਨੇ ਅੰਤਮ ਪ੍ਰੀਖਿਆ ਲੈਣ ਦਾ ਵਿਚਾਰ ਬਣਾਇਆ। ਦੋਹਾਂ ਜਵਾਈਆਂ ਨੂੰ ਆਖਿਆ ਕਿ ਬਾਉਲੀ ਦੀ ਸੇਵਾ ਹੁੰਦੀ ਵੇਖਣ ਵਾਸਤੇ ਉਹਨਾਂ ਦੇ ਬੈਠਣ ਲਈ ਯੋਗ ਥੜ੍ਹਾ ਬਣਾਇਆ ਜਾਵੇ। ਪੂਰੀ ਜਾਣਕਾਰੀ ਵੀ ਦੇ ਦਿਤੀ ਗਈ। ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਥੜ੍ਹੇ ਬਣਾ ਦੇਣ ਤੇ ਗੁਰੁ ਜੀ ਵੇਖਣ ਉਪ੍ਰੰਤ ਉਹਨਾਂ ਨੂੰ ਢੁਹਾ ਦੇਣ। ਪੰਜ ਛੇ ਦਿਨ ਇਹ ਖੇਡ ਜਾਰੀ ਰਹੀ। ਅਖੀਰ ਭਾਈ ਰਾਮਾ ਜੀ ਤਾਂ ਅੱਕ ਕੇ ਥੜ੍ਹਾ ਬਣਾਉਣੋ ਹਟ ਗਏ ਪਰ ਭਾਈ ਜੇਠਾ ਜੀ ਆਗਿਆ ਵਿੱਚ ਰਹਿ ਕੇ ਬਣਾਉਣੋ ਨਾ ਹਟੇ। ਸੋ ਅੰਤਮ ਪ੍ਰੀਖਿਆ ਵਿੱਚ ਭਾਈ ਜੇਠਾ ਜੀ ਪਾਸ ਹੋਏ।

ਗੁਰੂ ਜੀ ਨੇ ਰਿਵਾਇਤ ਅਨੁਸਾਰ ਪੂਰੀ ਰਸਮ ਕਰਕੇ ਭਾਈ ਜੇਠਾ ਜੀ ਨੂੰ, ੧ ਸਤੰਬਰ ੧੫੭੪ ਨੂੰ ਗੁਰਗੱਦੀ ਉਪਰ ਸਥਾਪਨ ਕਰ ਦਿਤਾ। ਗੁਰੂ ਜੀ ਦਾ ਹੁਕਮ ਮੰਨ ਕੇ ਬਾਕੀ ਪਰਵਾਰ ਤਾਂ ਛੋਟੇ ਸਾਹਿਜ਼ਾਦੇ ਬਾਬਾ ਮੋਹਰੀ ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀਂ ਪੈ ਗਏ ਪਰ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨਾਰਾਜ਼ ਹੀ ਰਹੇ। “ਭਾਈ ਸੁੰਦਰ ਜੀ ਨੇ ਆਪਣੀ ਬਾਣੀ ‘ਸਦੁ’ ਵਿੱਚ ਇਸ ਇਤਿਹਾਸਕ ਘਟਨਾ ਨੂੰ ਇਉਂ ਅੰਕਤ ਕੀਤਾ ਹੈ:

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥

ਮੋਹਰੀ ਪੁਤੁ ਸਨਮੁਖੁ ਹੋਆ ਰਾਮ ਦਾਸੈ ਪੈਰੀ ਪਾਇ ਜੀਉ॥ (੯੨੪)

ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ, “ਅੰਮ੍ਰਿਤਸਰ ਵਿੱਚ ਜੋਤਿ ਜਗਾਵੈ” ਅਨੁਸਾਰ ਅੰਤਮ ਸਮੇ ਗੁਰੂ ਜੀ ਦੀ ਆਗਿਆ ਮੰਨ ਕੇ, ਉਹਨਾਂ ਦੀ ਆਗਿਆ ਅਨੁਸਾਰ ਆਪਣੇ ਵਸਾਏ ਨਗਰ ਅਮਮ੍ਰਿਤਸਰ, ਵਿੱਚ ਆ ਕੇ ਗੁਰੂ ਨਾਨਕ ਦੀ ਸਿੱਖਿਆ ਦੇ ਗੱਫੇ ਵਰਤਾਉਣੇ ਆਰੰਭ ਕਰ ਦਿਤੇ। ਸੇਵਾ ਤੇ ਸਿਮਰਨ ਦਾ ਪ੍ਰਵਾਹ ਚਲਾ ਕੇ ਭੁੱਲੀ ਭਟਕੀ ਲੋਕਾਈ ਨੂੰ ਸ਼ਬਦ ਨਾਲ਼ ਜੋੜਿਆ।

ਅੰਮ੍ਰਿਤਸਰ ਨਗਰ ਦੀ ਮੋਹੜੀ, ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੁੱਝ ਮਹੀਨੇ ਪਹਿਲਾਂ ਉਹਨਾਂ ਦੀ ਆਗਿਆ ਅਨੁਸਾਰ, ੧੫੭੪ ਵਿੱਚ ਗੱਡੀ ਸੀ। ਗੁਰਗੱਦੀ ਦੀ ਜ਼ੁੰਮੇਵਾਰੀ ਸੰਭਾਲਣ ਉਪ੍ਰੰਤ ਆਪ ਜੀ ਨੇ ਪਰਵਾਰ ਸਮੇਤ ਏਥੇ ਵਾਸਾ ਕਰ ਲਿਆ ਤੇ ੧੫੭੭ ਵਿੱਚ ਤੁੰਗ ਪਿੰਡ ਦੇ ਜੱਟਾਂ ਪਾਸੋਂ ੭੦੦ ਅਕਬਰੀ ਰੁਪਏ ਤਾਰ ਕੇ ਪੰਜ ਸੌ ਵਿਘੇ ਜ਼ਮੀਨ ਖ਼ਰੀਦ ਕੇ ਸ਼ਹਿਰ ਵਸਾਉਣਾ ਸ਼ੁਰੂ ਕੀਤਾ। ਤੀਜੇ ਗੁਰੂ ਜੀ ਦੇ ਨਕਸ਼ਿ ਕਦਮ ਤੇ ਚੱਲਦਿਆਂ ਹੋਇਆਂ ਆਪ ਜੀ ਨੇ ਇਸ ਸ਼ਹਿਰ ਨੂੰ ਹਰ ਪੱਖ ਤੋਂ ਸੰਪੂਰਨ ਬਣਾਉਣ ਲਈ ਉਦਮ ਆਰੰਭਿਆ। ਜੀਵਾਂ ਦੀ ਹਰ ਪ੍ਰਕਾਰ ਦੀ ਜਲ ਦੀ ਲੋੜ ਪੂਰੀ ਕਰਨ ਲਈ ਸਰੋਵਰਾਂ ਦੀ ਖ਼ੁਦਾਈ ਕਰਵਾਈ। ਗੁਰੂ ਪਰਵਾਰ ਤੇ ਸਿੱਖ ਸੰਗਤਾਂ ਦੀ ਰਿਹਾਇਸ਼ ਵਾਸਤੇ ਭਵਨਾਂ ਸੀ ਉਸਾਰੀ ਆਰੰਭੀ। ਹਰ ਪ੍ਰਕਾਰ ਦੇ ਵਾਪਾਰ, ਕਾਰੀਗਰੀ, ਦਸਤਕਾਰੀ, ਆਦਿ ਨੂੰ ਉਤਸ਼ਾਹਤ ਕੀਤਾ। ਸਿੱਖ ਇਤਿਹਾਸ ਅਨੁਸਾਰ ੫੨ ਕਿੱਤਿਆਂ ਦੇ ਲੋਕਾਂ ਨੂੰ ਦੂਰ ਦੁਰਾਡੇ ਇਲਾਕਿਆਂ ਤੋਂ ਪ੍ਰੇਰ ਕੇ ਏਥੇ ਵਸਾਇਆ। ਗੁਰੂ ਕਾ ਬਾਜ਼ਾਰ, ਗੁਰੂ ਕੇ ਮਹਿਲ ਆਦਿ ਦੀ ਉਸਾਰੀ ਕਰਵਾਈ। ਨਵੇ ਵੱਸਣ ਵਾਲ਼ੇ ਵਿਅਕਤੀ ਨੂੰ ਬਿਨਾ ਮਜ਼ਹਬ, ਇਲਾਕਾ, ਜਾਤ, ਬੋਲੀ ਆਦਿ ਦੇ ਵਿਤਕਰੇ ਤੋਂ ਹਰ ਸੰਭਵ ਸਹੂਲਤ ਉਸਦੇ ਵੱਸਣ ਵਾਸਤੇ ਦਿਤੀ ਗਈ। ਦੁਨੀਆ ਸਮਝਦੀ ਹੈ ਕਿ ਸ਼ਹਿਰ ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ, ਵਿਦਿਅਕ, ਸਮਾਜਕ ਆਦਿ ਪਹਿਲੂਆਂ ਦਾ ਕੇਂਦਰ ਹੋਣ ਕਰਕੇ ਸ਼ਾਇਦ ਏਥੇ ਵੱਸਣ ਵਾਲ਼ੇ ਵੀ ਸਾਰੇ ਲੋਕ ਸਿੱਖ ਹੀ ਹੋਣਗੇ! ਪਰ ਹੈਰਾਨੀ ਹੋਵੇਗੀ ਸ਼ਾਇਦ ਪਾਠਕਾਂ ਨੂੰ ਇਹ ਜਾਣਕੇ ਕਿ ੧੯੪੭ ਤੋਂ ਪਹਿਲਾਂ ਇਸ ਸ਼ਹਿਰ ਵਿੱਚ ਮੁਸਲਮਾਨਾਂ ਦੀ ਗਿਣਤੀ ਵਧ ਸੀ ਤੇ ਪਿੱਛੋਂ ਏਥੇ ਸਿੱਖ ਘੱਟ ਗਿਣਤੀ ਵਿੱਚ ਹੀ ਹਨ ਜਿਸਦਾ ਸਬੂਤ ਇਹ ਹੈ ਕਿ ਮੈ ੧੯੫੭ ਤੋਂ ਵੇਖ ਰਿਹਾ ਹਾਂ ਕਿ ਸ਼ਹਿਰ ਦੀਆਂ ਚਾਰ ਅਸੈਂਬਲੀ ਸੀਟਾਂ ਵਿਚੋਂ ਸਿਰਫ ਇੱਕ ਤੇ ਹੀ ਸਿੱਖ ਜਿੱਤਦਾ ਹੈ ਬਾਕੀ ਤਿੰਨਾਂ ਤੇ ਹਿੰਦੂ ਜਿੱਤਦੇ ਹਨ।

ਗੁਰੂ ਘਰ ਤੇ ਸਿੱਖ ਸੰਗਤਾਂ ਦੀ ਵਿਸ਼ਾਲਤ ਕਾਰਨ ਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਵਾਂਗ ਜਿਵੇਂ ਉਹਨਾਂ ਨੇ ਮੰਜੀਆਂ ਤੇ ਪੀਹੜੀਆਂ ਦੇ ਰੂਪ ਵਿੱਚ ਯੋਗ ਗੁਰਸਿੱਖਾਂ ਦੀ ਨਿਯੁਕਤੀ ਕੀਤੀ ਸੀ, ਇਸ ਤਰ੍ਹਾਂ ਹੀ ਸ੍ਰੀ ਗੁਰੂ ਰਾਮ ਦਾਸ ਜੀ ਨੇ ਮਸੰਦ ਪ੍ਰਥਾ ਦੀ ਸਥਾਪਨਾ ਕਰਕੇ, ਦੂਰ ਦੁਰਾਡੇ ਵੱਸ ਰਹੀਆਂ ਸੰਗਤਾਂ ਦੇ ਮੁਖੀਆਂ ਵਜੋਂ ਥਾਪਿਆ ਤਾਂ ਕਿ ਉਹਨਾਂ ਰਾਹੀਂ ਦੂਰ ਦੀਆਂ ਸੰਗਤਾਂ ਨੂੰ ਗੁਰੂ-ਕੇਂਦਰ ਨਾਲ਼ ਜੋੜਨ ਵਿੱਚ ਸਹੂਲਤ ਰਹੇ। ਮਸੰਦਾਂ ਦਾ ਕਾਰਜ ਹੁੰਦਾ ਸੀ ਕਿ ਆਪਣੇ ਇਲਾਕੇ ਦੀਆਂ ਸੰਗਤਾਂ ਦੀ ਧਾਰਮਿਕ ਅਗਵਾਈ ਕਰਨੀ। ਉਹਨਾਂ ਨੂੰ ਗੁਰੂ ਦਾ ਉਪਦੇਸ਼ ਦ੍ਰਿੜ੍ਹ ਕਰਵਾਉਣਾ। ਗੁਰੂ ਦੇ ਨਮਿਤ ਕਾਰ ਭੇਟ ਪ੍ਰਾਪਤ ਕਰਕੇ ਗੁਰੂ ਦਰਬਾਰ ਵਿੱਚ ਪੁਚਾਉਣੀ। ਵੈਸਾਖੀ ਤੇ ਦੀਵਾਲੀ ਦੇ ਛਿਮਾਹੀ ਪੁਰਬਾਂ ਸਮੇ ਸੰਗਤਾਂ ਨੂੰ ਗੁਰੂ ਦਰਬਾਰ ਵਿੱਚ ਲੈ ਕੇ ਆਉਣਾ। ਇਹ ਬਹੁਤ ਹੀ ਯੋਗ ਤੇ ਸ਼ਰਧਾਵਾਨ ਸਿੱਖ ਹੋਇਆ ਕਰਦੇ ਸਨ ਜੋ ਕਿ ਸੰਗਤਾਂ ਦੀ ਸਰਬ ਪੱਖੀ ਅਗਵਾਈ ਕਰਿਆ ਕਰਦੇ ਸਨ ਪਰ ਬਹੁਤ ਸਮਾ ਪਿੱਛੋਂ ਜਾ ਕੇ ਇਸ ਸੰਸਥਾ ਵਿੱਚ ਖਰਾਬੀਆਂ ਆ ਜਾਣ ਕਰਕੇ ਦਸਵੇਂ ਗੁਰੂ ਜੀ ਨੇ ਇਸ ਸੰਸਥਾ ਨੂੰ ਬੰਦ ਕਰ ਦਿਤਾ।

ਬਹੁਤ ਹੀ ਮਹੱਤਵਪੂਰਨ ਵਾਕਿਆ ਇੱਕ ਇਹਨਾਂ ਦੇ ਸਮੇ ਇਹ ਹੋਇਆ ਕਿ ਪਹਿਲੇ ਗੁਰੂ ਜੀ ਦੇ ਸਮੇ ਤੋਂ ਗੁਰੂ ਘਰ ਨਾਲ਼ੋਂ ਵਿਛੜ ਚੁੱਕੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ, ਸਿਧ ਪੁਰਸ਼, ਬਾਬਾ ਸ੍ਰੀ ਚੰਦ ਜੀ ਗੁਰੂ ਦਰਬਾਰ ਨਾਲ਼ ਜੁੜ ਗਏ। ਇਹ ਵਾਕਿਆ ਸਿੱਖ ਇਤਿਹਾਸ ਵਿੱਚ ਇਉਂ ਵਰਨਣ ਕੀਤਾ ਗਿਆ ਹੈ:

ਇਕ ਦਿਨ ਬਾਬਾ ਸ੍ਰੀ ਚੰਦ ਜੀ ਗੁਰੂ ਕੇ ਚੱਕ (ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਮਿਲ਼ਨ ਵਾਸਤੇ ਆਏ। ਪ੍ਰਥਮ ਗੁਰੂ ਜੀ ਦੇ ਸਤਿਕਾਰ ਯੋਗ ਸਾਹਿਜ਼ਾਦੇ ਜਾਣਕੇ ਗੁਰੂ ਜੀ ਨੇ ਬਣਦਾ ਸਤਿਕਾਰ ਦਿਤਾ। ਉਚੇ ਆਸਣ ਤੇ ਬਿਰਾਜਮਾਨ ਕਰਵਾਇਆ। ਬਾਬਾ ਜੀ ਗੁਰੂ ਘਰ ਦੀ ਮਹਿਮਾ ਵੇਖ ਕੇ, ਕੀਰਤਨ ਸੁਣਕੇ, ਗੁਰੂ ਜੀ ਵੱਲੋਂ ਮਿਲ਼ੇ ਸਤਿਕਾਰ ਸਦਕਾ, ਬੜੇ ਪ੍ਰਸੰਨ ਹੋਵੇ। ਸ੍ਰੀ ਗੁਰੂ ਰਾਮ ਦਾਸ ਜੀ ਦਾ ਦਾਹੜਾ ਬਹੁਤ ਸੁੰਦਰ, ਪ੍ਰਭਾਵਸ਼ਾਲੀ ਤੇ ਵਿਸ਼ਾਲ ਸੀ। ਬਾਬਾ ਜੀ ਦੇ ਦਾਹੜੇ ਵੱਲ ਵੇਖ ਕੇ ਮੌਜ ਵਿੱਚ ਆ ਕੇ ਆਖਣ ਲੱਗੇ, “ਪੁਰਖਾ, ਆਹ ਦਾਹੜਾ ਕਿਉਂ ਏਨਾ ਵਧਾਇਆ ਹੋਇਆ ਹੈ!” ਇਹ ਸੁਣ ਕੇ ਗੁਰੂ ਜੀ ਨੇ ਫੁਰਮਾਇਆ, “ਆਪ ਜੀ ਵਰਗੇ ਮਹਾਂ ਪੁਰਸ਼ਾਂ ਦੇ ਚਰਨ ਝਾੜਨ ਲਈ।” ਨਾਲ਼ ਹੀ ਆਪਣੇ ਖਬੇ ਹੱਥ ਨਾਲ਼ ਆਪਣਾ ਦਾਹੜਾ ਫੜ ਕੇ ਤੇ ਸੱਜੇ ਹੱਥ ਨਾਲ਼ ਬਾਬਾ ਜੀ ਦਾ ਇੱਕ ਚਰਨ ਫੜ ਕੇ ਚਰਨ ਸਾਫ ਕਰਨ ਲੱਗ ਪਏ। ਗੁਰੂ ਜੀ ਦੀ ਅਜਿਹੀ ਨਿਮਰਤਾ ਵੇਖ ਕੇ ਬਾਬਾ ਜੀ ਨੇ ਆਪਣਾ ਚਰਨ ਪਿਛਾਂਹ ਹਟਾਉਂਦਿਆਂ ਆਖਿਆ, “ਧੰਨ ਹੋ ਆਪ, ਧੰਨ ਹੋ! ਤੁਸੀਂ ਪਿਤਾ ਜੀ ਦੀ ਗੁਰਗੱਦੀ ਦੇ ਠੀਕ ਹੀ ਅਧਿਕਾਰੀ ਹੋ। ਇਹਨਾਂ ਗੁਣਾਂ ਕਰਕੇ ਹੀ ਪਹਿਲਾਂ ਗੁਰੂ ਅੰਗਦ ਦੀ ਨੇ ਤੇ ਫਿਰ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਪ੍ਰਾਪਤ ਕੀਤੀ ਸੀ। ਆਪ ਧੰਨ ਹੋ। ਆਪ ਦੀ ਸਿੱਖੀ ਧੰਨ ਹੈ।”

ਸਤਿਗੁਰੂ ਰਾਮ ਦਾਸ ਜੀ ਨੇ ਉਹਨਾਂ ਦਾ ਹੋਰ ਵੀ ਸਤਿਕਾਰ ਕੀਤਾ ਤੇ ਵਿਦਾਇਗੀ ਸਮੇ ਪੰਜ ਸੌ ਰੁਪਏ ਤੇ ਇੱਕ ਸੁੰਦਰ ਘੋੜਾ ਆਪ ਜੀ ਦੀ ਭੇਟਾ ਕੀਤਾ।

ਆਪ ਜੀ ਨੇ ਆਪਣੇ ਗੁਰਿਆਈ ਕਾਲ ਸਮੇ ਸਿੱਖ ਸਮਾਜ ਦੀ ਸਰਬਪੱਖੀ ਉਨਤੀ ਕਰਨ ਵਿੱਚ ਭਰਪੂਰ ਹਿੱਸਾ ਪਾਇਆ। ਵੱਖ ਵੱਖ ਸਮੇ ਤੇ ਨਿਰੰਕਾਰੀ ਤੇ ਸੰਸਾਰੀ ਪਹਿਲੂਆਂ ਬਾਰੇ ਆਪ ਜੀ ਨੇ ਬਾਣੀ ਉਚਾਰ ਕੇ ਸੰਗਤਾਂ ਵਾਸਤੇ ਸਿੱਖਿਆ ਬਖ਼ਸ਼ੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਥਾਂ ਪਰ ਥਾਂ ਪੰਜਵੇ ਗੁਰੂ ਜੀ ਦੁਆਰਾ ਸਾਡੀ ਅਗਵਾਈ ਹਿਤ ਅੰਕਤ ਕੀਤੀ ਗਈ।

ਆਪ ਜੀ ਦੇ ਤਿੰਨਾਂ ਸਾਹਿਬਜ਼ਾਦਿਆਂ ਦੇ ਵਿਚਾਰ ਬਿਲਕੁਲ ਵੱਖੋ ਵਖਰੇ ਸਨ। ਬਾਬਾ ਪ੍ਰਿਥੀ ਚੰਦ ਜੀ ਮੁਕੰਮਲ ਤੌਰ ਤੇ ਸੰਸਾਰੀ ਪੁਰਸ਼ ਸਨ ਤੇ ਰਾਤ ਦਿਨ ਸੰਸਾਰਕ ਪ੍ਰਾਪਤੀਆਂ ਕਰਨਾ ਹੀ ਉਹਨਾਂ ਦਾ ਇੱਕ ਮਾਤਰ ਉਦੇਸ਼ ਸੀ। ਦੂਜੇ ਬੰਨੇ, ਵਿਚਾਰਲੇ ਬਾਬਾ ਮਹਾਂ ਦੇਵ ਜੀ, ਬਿਲਕੁਲ ਹੀ ਸਭ ਕਾਸੇ ਤੋਂ ਉਪ੍ਰਾਮ ਹੋ ਕੇ ਵਿਚਰਦਾੇ ਸਨ। ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ “ਹੁਕਮ ਮੰਨਿਐ ਹੋਵੈ ਪਰਵਾਣੁ” ਦੇ ਸੁਨਹਿਰੀ ਅਸੂਲ ਦੇ ਧਾਰਨੀ ਸਨ ਤੇ ਪਿਤਾ ਗੁਰੂ ਜੀ ਦੀ ਆਗਿਆ ਵਿੱਚ ਹੀ ਵਿਚਰਦੇ ਸਨ।

ਸ੍ਰੀ ਗੁਰੂ ਰਾਮ ਦਾਸ ਜੀ ਨੇ ਆਪਣਾ ਅੰਤਮ ਸਮਾ ਨੇੜੇ ਜਾਣ ਕੇ ਤੇ ਹਰ ਪ੍ਰਕਾਰ ਦੀ ਪ੍ਰੀਖਿਆ ਉਪ੍ਰੰਤ, ਸ੍ਰੀ ਗੁਰੂ ਅਰਜਨ ਦੇਵ ਜੀ ਨੂ ਯੋਗ ਜਾਣ ਕੇ ਗੁਰਗੱਦੀ ਦੇਣ ਦਾ ਫੈਸਲਾ ਕਰ ਲਿਆ। ਇਹ ਪਤਾ ਲੱਗਣ ਤੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਭਾਰੀ ਵਿਰੋਧ ਕੀਤਾ। ਪਿਤਾ ਗੁਰੂ ਜੀ ਦੇ ਸਮਝਾਉਣ ਤੇ ਵੀ ਉਹ ਨਾ ਰੁਕਿਆ। ਝਗੜਾ ਟਾਲਣ ਲਈ ਸ੍ਰੀ ਰਾਮ ਦਾਸ ਜੀ ਅੰਮ੍ਰਿਤਸਰੋਂ ਗੋਇੰਦਵਾਲ਼ ਚਲੇ ਗਏ ਤੇ ਓਥੇ ਹੀ, ਇੱਕ ਸਤੰਬਰ ੧੫੮੧ ਨੂੰ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਉਪਰ ਸੁਸ਼ੋਭਤ ਕਰਕੇ ਆਪ ਜੀ ਜੋਤੀ ਜੋਤਿ ਸਮਾ ਗਏ।

ਇਹਨਾਂ ਦੇ ਸਮੇ ਇੱਕ ਖਾਸ ਹੀ ਮਹੱਤਵਪੂਰਣ ਵਾਕਿਆ ਵਰਤਣ ਵਿੱਚ ਇਹ ਆਇਆ ਕਿ ਆਦਿ ਗੁਰੂ ਜੀ ਦੇ ਸਮੇ ਤੋਂ ਗੁਰੂ ਘਰ ਨਾਲ਼ੋਂ ਵਿਛੜ ਕੇ ਮਨਮੁਖ ਹੋ ਗਏ ਵਿਅਕਤੀਆਂ ਨੂੰ ਵੀ, ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇ, ਮੁੜ ਗੁਰੂ ਘਰ ਨਾਲ਼ ਜੋੜਿਆ ਗਿਆ। ਇਸ ਪ੍ਰਥਾਇ ਇਤਿਹਾਸਕ ਵਾਕਿਆਤ ਨੂੰ, ਸ੍ਰੀ ਗੁਰੂ ਰਾਮਦਾਸ ਜੀ ਦੀ ਆਪਣੀ ਰਸਨਾ ਨਾਲ਼ ਵਰਨਣ ਕੀਤਾ ਗਿਆ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪਰਕਾਰ ਅੰਕਤ ਹੈ:

ਸਲੋਕ ਮ: ੪॥ ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ॥
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ॥
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ॥
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ॥
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ॥
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ॥
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ॥
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ॥
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ॥੧॥ (੩੦੭)

ਕੀ ਗੁਰੂ ਰਾਮ ਦਾਸ ਜੀ ਕੋਲ ਪਹਿਲੇ ਤਿਨਾਂ ਗੁਰੂਆਂ ਦੀ ਬਾਣੀ ਸੀ?

ਵਰਿੰਦਰ ਸਿੰਘ

ਅਸੀਂ ਪਿਛਲੇ ਦੋ ਲੇਖਾਂ ਵਿਚ ਦੇਖਿਆ ਕੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਕੋਲ, ਗੁਰੂ ਨਾਨਕ ਸਾਹਿਬ ਜੀ ਦੀ ਪੂਰੀ ਬਾਣੀ ਮੌਜੂਦ ਸੀ। ਕੀ ਗੁਰੂ ਰਾਮਦਾਸ ਜੀ ਕੋਲ ਵੀ ਪਹਿਲੇ ਤਿਨਾਂ ਗੁਰੂਆਂ ਦੀ ਬਾਣੀ ਮੌਜੂਦ ਸੀ? ਬਹੁਤ ਵਾਰੀ ਕਥਾਕਾਰਾਂ ਕੋਲੋਂ ਇਹ ਕਥਾ ਸੁਣੀ ਕੇ ਕਿਵੇ ਗੁਰੂ ਅਰਜਨ ਸਾਹਿਬ ਨੰਗੇ ਪੈਰੀਂ, ਮੋਹਨ ਕੋਲੋਂ ਗੁਰਬਾਣੀ ਦੀ ਪੋਥੀ ਲੈਣ ਵਾਸਤੇ ਗਏ। ਸਿੱਖ ਧਰਮ ਵਿਚ ਨੰਗੇ ਪੈਰੀਂ ਤੁਰਨ ਨੂੰ ਕੋਈ ਮਹਤਤਾ ਨਹੀਂ ਦਿੱਤੀ ਗਈ, ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਵਿਚ ਫਰਮਾਉਂਦੇ ਹਨ ‘ਪਗ ਉਪੇਤਾਣਾ॥ ਅਪਣਾ ਕੀਆ ਕਮਾਣਾ॥ ਅਲੁ ਮਲੁ ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥‘ ਪਰ ਕਥਾਕਾਰਾਂ, ਲੇਖਕਾਂ ਨੇ ਫਿਰ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਨੰਗੇ ਪੈਰੀਂ ਮੋਹਨ ਦੇ ਘਰ ਭੇਜ ਦਿੱਤਾ ਅਤੇ ਉਸ ਦੀ ਉਸਤਤ ਵੀ ਕਰਵਾ ਦਿੱਤੀ:

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ॥

ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ॥
ਧਰਮਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥

ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ॥

ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ॥

ਸਾਰੇ ਗੁਰੂ ਗਰੰਥ ਸਾਹਿਬ ਜੀ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ ਕਿਤੇ ਵੀ ਉਸਤਤ ਨਹੀਂ ਕੀਤੀ ਗਈ, ‘ਮੋਹਨ’ ਸ਼ਬਦ ਤਾਂ ਉਸ ਅਕਾਲਪੁਰਖ ਵਾਹਿਗੁਰੂ ਵਾਸਤੇ ਗੁਰੂ ਗਰੰਥ ਸਾਹਿਬ ਜੀ ਵਿਚ ਬਹੁਤ ਵਾਰ ਵਰਤਿਆ ਗਿਆ ਹੈ। ਆਓ ਗੁਰੂ ਗਰੰਥ ਸਾਹਿਬ ਜੀ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪਹਲੇ ਗੁਰੂਆਂ ਦੀ ਬਾਣੀ ਨਾਲ ਸਾਂਝ ਵੇਖੀਏ !

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥ (ਸਿਰੀਰਾਗੁ ਮਹਲਾ ੧)

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥ ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥ ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥ ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥ ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥ (ਸਿਰੀਰਾਗੁ ਮਹਲਾ ੪)

ਰਾਗ ਮਾਝ ਵਿਚ ਜੇ ਬੰਦਾਂ ਨੂ ਧਿਆਨ ਨਾਲ ਵੇਖੀਏ, ਤਾਂ ਸਹਜੇ ਹੀ ਪਤਾ ਲਗ ਜਾਵੇਗਾ ਕੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਕੋਲ ਮੌਜੂਦ ਸੀ।

ਸਬਦਿ ਰੰਗਾਏ ਹੁਕਮਿ ਸਬਾਏ ॥ ਸਚੀ ਦਰਗਹ ਮਹਲਿ ਬੁਲਾਏ ॥ ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥ (ਮਹਲਾ ੧)
ਕਰਮੁ ਹੋਵੈ ਸਤਿਗੁਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥ (ਮਹਲਾ ੩)
ਆਦਿ ਪੁਰਖੁ ਅਪਰੰਪਰੁ ਆਪੇ ॥ ਆਪੇ ਥਾਪੇ ਥਾਪਿ ਉਥਾਪੇ ॥ ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥ (ਮਹਲਾ ੪)

ਇਸ ਤੋਂ ਇਲਾਵਾ ਹੋਰ ਬਹੁਤ ਜਗਹ ਤੇ ਗੁਰੂ ਰਾਮਦਾਸ ਜੀ ਦੀ ਬਣੀ ਦੀ ਸਾਂਝ ਮਿਲਦੀ ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ ੧)
ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ (ਮਹਲਾ ੪)

ਸਾਫ਼ ਦਿਖਦਾ ਹੈ, ਕੇ ਗੁਰੂ ਰਾਮ ਦਾਸ ਜੀ ਕੋਲ ਸੈਦਪੁਰ ਵਾਲਾ ਸ਼ਬਦ ਮੌਜੂਦ ਸੀ।

ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥ (ਮਹਲਾ ੧)
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ (ਮਹਲਾ ੪)

ਸਾਚਾ ਸਚੁ ਸੋਈ ਅਵਰੁ ਨ ਕੋਈ ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ (ਮਹਲਾ ੧)
ਹੁਕਮੀ ਸਹਜੇ ਸ੍ਰਿਸਟਿ ਉਪਾਈ ॥ ਕਰਿ ਕਰਿ ਵੇਖੈ ਅਪਣੀ ਵਡਿਆਈ ॥ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥ (ਮਹਲਾ ੩)
ਸਚਾ ਆਪਿ ਸਵਾਰਣਹਾਰਾ ॥ ਅਵਰ ਨ ਸੂਝਸਿ ਬੀਜੀ ਕਾਰਾ ॥ ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥ (ਮਹਲਾ ੪)

ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਬਦ ਮਿਲ ਜਾਣਗੇ, ਜਿਹੜੇ ਸਿੱਧ ਕਰਦੇ ਹਨ ਕੇ ਗੁਰੂ ਅਰਜਨ ਸਾਹਿਬ ਜੀ ਜਿਸ ਨੂ ‘ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ’ ਕਹ ਰਹੇ ਹਨ, ਓਹ ਚਾਰਾਂ ਗੁਰੂਆਂ ਦੀ ਬਾਣੀ ਹੀ ਸੀ, ਜਿਹੜੀ ਓਹਨਾਂ ਨੂੰ ਗੁਰਆਈ ਦੇ ਨਾਲ ਮਿਲੀ ਸੀ, ਅਤੇ ਮੋਹਨ ਕੋਲੋਂ ਪੋਥੀਆਂ ਲੈਣ ਜਾਣ ਵਾਲੀ ਕਹਾਣੀ ਇਕ ਗੱਪ ਹੈ।

ਭੁੱਲ ਚੁੱਕ ਦੀ ਖਿਮਾਂ।