ਗੁਰੂ ਗ੍ਰੰਥ ਸਾਹਿਬ
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ।[੧] ਇਹ ੧੪੬੯ ਤੋਂ ਲੈ ਕੇ ੧੭੦੮ ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ ੧੪੩੦ ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।[੧]ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।[੨]ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (੧੬੬੬-੧੭੦੮) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗੰਥ ਸਾਹਿਬ ਹੋ ਗਿਆ।[੩] ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ।[੪] ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।[੫]
ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (੧੫੬੩-੧੬੦੬) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰਕੇ ਕੀਤਾ।[੨] ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।
ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।[੬]
ਅਹਿਮੀਅਤ
ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਜਾਂ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਬਦ ਗੁਰੂ ਹਨ। ਇਨ੍ਹਾਂ ਪਦਿਆਂ ਵਿਚ ਮੂਲ ਸ਼ਬਦ ਹੈ ਗ੍ਰੰਥ, ਜਿਸ ਦਾ ਲਫ਼ਜ਼ੀ ਅਰਥ ਹੈ, ਕਿਤਾਬ। ਸਾਹਿਬ ਤੇ ਸ੍ਰੀ ਸਤਕਾਰ ਦੇ ਲਖਾਇਕ ਹਨ; ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸਬੰਧ ਰੱਖਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁੱਢਲਾ ਜਾਂ ਪਹਿਲਾ, ਜੋ ਇਸ ਗ੍ਰੰਥ ਨੁੰ ਸਿਖਾਂ ਦੀ ਦੂਸਰੀ ਪਵਿੱਤਰ ਕਿਤਾਬ ਦਸਮ ਗ੍ਰੰਥ, ਜਿਸ ਵਿਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਤੋਂ ਨਿਖੇੜਦਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਦੇ ਰਚਨਹਾਰੇ ਵੱਖ-ਵੱਖ ਸ਼੍ਰੇਣੀਆਂ ਅਤੇ ਫਿਰਕਿਆਂ ਨਾਲ ਸੰਬੰਧ ਰੱਖਦੇ ਸਨ; ਉਨ੍ਹਾਂ ਵਿਚ ਹਿੰਦੂ ਹਨ, ਮੁਸਲਮਾਨ ਹਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ।
ਬਣਤਰ ਅਤੇ ਛਾਪਾ
ਜਿੰਨੇ ਵੱਖ-ਵੱਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿਚ ਰਾਗ ਤੇ ਰਾਗਨੀਆਂ। ਸਾਰੇ ਮਜ਼ਮੂਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵਿ-ਰੂਪਾਂ ਵਿਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ,ਅਸਟਪਦੀਆਂ ਤੇ ੪ ਲਾਇਨਾਂ ਵਾਲੇ ਸਲੋਕਾਂ ਵਿਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ। ੧੪੩੦ ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿਚ ਛਾਪਣ ਦੀ ਮਾਨਤਾ ਹੈ ਇਕ ਮਿਆਰ ਬਣ ਗਈ ਹੈ । ਇਸ ਰੂਪ ਵਿਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ-
ਤਤਕਰਾ(੧-੧੩)
ਸਿਰੀ ਰਾਗ(੧੪-੯੩)
ਮਾਝ ਰਾਗੁ(੯੪-੧੫੦)
ਗਉੜੀ ਰਾਗੁ(੧੫੧-੩੪੬)
ਆਸਾ ਰਾਗੁ(੩੪੭-੪੮੮)
ਗੂਜਰੀ ਰਾਗੁ(੪੮੯-੫੨੬)
ਦੇਵਗੰਧਾਰੀ ਰਾਗੁ(੫੨੭-੫੩੬)
ਬਿਹਾਗੜਾ ਰਾਗੁ(੫੩੭-੫੫੬)
ਵਡਹੰਸ ਰਾਗੁ (੫੫੭-੫੯੪)
ਸੋਰਠ ਰਾਗੁ (੫੯੫-੬੫੯)
ਧਨਾਸਰੀ ਰਾਗੁ (੬੬੦-੬੯੫)
ਜੈਤਸਰੀ ਰਾਗੁ (੬੯੬-੭੧੦)
ਟੋਡੀ ਰਾਗੁ (੭੧੧-੭੧੮)
ਬੈਰਾੜੀ ਰਾਗੁ (੭੧੯-੭੨੦)
ਤਿਲੰਗ ਰਾਗੁ (੭੨੧-੭੨੭)
ਸੂਹੀ ਰਾਗੁ (੭੨੮-੭੯੪)
ਬਿਲਾਵਲ ਰਾਗੁ (੭੯੫-੮੫੮)
ਗੌਂਡ ਰਾਗੁ (੮੫੪-੮੭੫)
ਰਾਮਕਲੀ ਰਾਗੁ (੮੭੬-੯੭੪)
ਨਟ ਨਰਾਇਣ ਰਾਗੁ (੯੭੫-੯੮੩)
ਮਾਲਿ ਗਉੜਾ ਰਾਗੁ (੯੮੪-੯੮੮)
ਮਾਰੂ ਰਾਗੁ(੯੮੯-੧੧੦੬)
ਤੁਖਾਰੀ ਰਾਗੁ (੧੧੦੭-੧੧੧੭)
ਕੇਦਾਰ ਰਾਗੁ (੧੧੧੮-੧੧੨੪)
ਭੈਰਉ ਰਾਗੁ(੧੧੨੫-੧੧੬੭)
ਬਸੰਤੁ ਰਾਗੁ (੧੧੫੮-੧੧੯੬)
ਸਾਰੰਗ ਰਾਗੁ (੧੧੯੭-੧੨੫੩)
ਮਲਾਰ ਰਾਗੁ (੧੨੫੪-੧੨੯੩)
ਕਾਨੜਾ ਰਾਗੁ (੧੨੯੪-੧੩੧੮)
ਕਲਿਆਣ ਰਾਗੁ (੧੩੧੯-੧੩੨੬)
ਪਰਭਾਤੀ ਰਾਗੁ (੧੩੨੭-੧੩੫੧)
ਜੈਜਾਵੰਤੀ ਰਾਗੁ (੧੩੫੨-੧੩੫੩)
ਸਲੋਕ ਸਹਸਕ੍ਰਿਤੀ(੧੩੫੩-੧੩੬੦)
ਗਾਥਾ,ਫ਼ੁਨਹੇ ਤੇ ਚਉਬੋਲੇ(੧੩੬੦-੧੩੬੪)
ਸਲੋਕ ਕਬੀਰ(੧੩੬੪-੧੩੭੭)
ਸਲੋਕ ਫ਼ਰੀਦ(੧੩੭੭-੧੩੮੪)
ਸਵੱਈਏ(੧੩੮੫-੧੪੦੯)
ਸਲੋਕ ਵਾਰਾਂ ਤੌਂ ਵਧੀਕ(੧੪੧੦-੧੪੨੯)
ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦)
ਗੁਰੂ ਗਰੰਥ ਸਾਹਿਬ ਵਿਚ ਭਗਤ ਬਾਣੀ
ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।
ਭਗਤ ਬਾਣੀ
ਭਗਤ ਸ਼ਬਦ ਭਗਤ ਸ਼ਬਦ
ਕਬੀਰ ਜੀ 224 ਭੀਖਨ ਜੀ 2
ਨਾਮਦੇਵ ਜੀ 61 ਸੂਰਦਾਸ ਜੀ 1 (ਸਿਰਫ਼ ਤੁਕ)
ਰਵਿਦਾਸ ਜੀ 40 ਪਰਮਾਨੰਦ ਜੀ 1
ਤ੍ਰਿਲੋਚਨ ਜੀ 4 ਸੈਣ ਜੀ 1
ਫਰੀਦ ਜੀ 4 ਪੀਪਾ ਜੀ 1
ਬੈਣੀ ਜੀ 3 ਸਧਨਾ ਜੀ 1
ਧੰਨਾ ਜੀ 3 ਰਾਮਾਨੰਦ ਜੀ 1
ਜੈਦੇਵ ਜੀ 2 ਗੁਰੂ ਅਰਜਨ ਦੇਵ ਜੀ 3
ਜੋੜ 352
ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਕਬੀਰ ਜੀ = 243 (ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬਾਨ ਦੇ ਭੀ ਕੁਝ) ਫਰੀਦ ਜੀ = 130 ਸ਼ਲੋਕ ਹਨ
ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ
ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿਚ ਹੈ। = 6 ਪਉੜੀਆਂ । ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:- (1) ਕੱਲਸਹਾਰ (2) ਜਾਲਪ (3) ਕੀਰਤ (4) ਭਿੱਖਾ (5) ਸਲ੍ਹ (6) ਭਲ੍ਹ (7) ਨਲ੍ਹ (8) ਬਲ੍ਹ (9) ਗਯੰਦ (10) ਹਰਿਬੰਸ {੧੧}ਮਥਰਾ
ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੌਂ ਵਦੀ ਏਕਮ ਸੰਮਤ ੧੬੬੧/੧ ਅਗਸਤ ੧੬੦੪ ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਪਤਰੇ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।
[ਸੰਪਾਦਨ]
ਗੁਰਿਆਈ
ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿਚ ਇਉਂ ਦਰਜ ਹੈ:-
“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ। ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“
ਗੁਰੂ ਗਰੰਥ ਸਾਹਿਬ ੧੯੧੪ ਦੀ ਵਿਸ਼ਵ ਜੰਗ ਦੌਰਾਨ ਮੈਸੋਪਟਾਮੀਆ ਵਿਚ ਕਿਧਰੇ ਸਿਖ ਮਾਰਚਿੰਗ ਕਾਲਮ ਦੀ ਅਗਵਾਈ ਕਰਦੇ ਹੋਏ
‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿਖਾਂ ਦੇ ਔਕੁੜ ਭਰੇ ਸਮੇਂ ਵੀ ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿਚ ਸ਼ਰਨ ਲੈਣੀ ਪਈ ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉਤੇ ਉਹਨਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ। ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਪੁਸਤਕ ਦੀ ਬਰਾਬਰੀ ਨਹੀਂ ਕਰਨ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ।ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ।ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀਸ ਨਿਵਾਉਣ ਜਾਇਆ ਕਰਦਾ ਸੀ।ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁਖ ਦੀ ਸ਼ਕਲ ਵਿਚ ਯਾ ਚਿਨ੍ਹ ਦੀ ਸ਼ਕਲ ਵਿਚ ਹੋਰ ਕੁਝ ਵੀ ਨਹੀਂ।
ਗੁਰੂ ਗੋਬਿੰਦ ਸਿੰਘ ਉਪਰੰਤ ਇਸ ਪਵਿੱਤਰ ਪੁਸਤਕ ਨੂੰ ਹੀ ਗੁਰੂ ਕਰਕੇ ਜਾਣਿਆ ਜਾਂਦਾ ਹੈ।
ਗੁਰਬਾਣੀ ਵਿਚਾਰ
ਗ੍ਰੰਥ ਸਾਹਿਬ ਜੀ ਸਰਬੱਤ ਸਿੱਖ ਜਗਤ ਲਈ ਬਹੁਤ ਹੀ ਉੱਤਮ ਪਾਵਨ ਪਵਿੱਤਰ ਗੁਰੂ ਦਾ ਦਰਜਾ ਰੱਖਦਾ ਹੈ। ਸਾਰਾ ਸਿੱਖ ਪੰਥ ਇਸ ਵਿਚੋਂ ਆਪਣੇ ਦਸਾਂ ਗੁਰੂਆਂ ਦੀ ਰੂਹਾਨੀ ਜਾਗਦੀ ਜੋਤ ਨੂੰ ਮਹਿਸੂਸਦਾ, ਦੇਖਦਾ ਤੇ ਜੀਵਨ ਦਾ ਮਾਰਗ ਦਰਸਨ ਲੱਭਦਾ ਸਿਰ ਨਿਵਾਉਂਦਾ ਹੈ। ਇਹ ਮੁਗਲ ਕਾਲ ਤੱਕ ਦੇ ਧਾਰਮਿਕ ਸਮਾਜਿਕ ਆਰਥਿਕ ਤੇ ਰਾਜਨੀਤਕ ਇਤਿਹਾਸ ਬਾਰੇ ਬੜਾ ਵਿਸ਼ਾਲ ਅਦਭੁਤ ਸ਼ਬਦ ਚਿਤਰਨ ਪੇਸ਼ ਕਰਦਾ ਅਮੁਕ ਖਜਾਨਾ ਸਮੋਈ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਬਹੁਮੁਖੀ ਅੰਤਰਮੁਖੀ ਤੇ ਬਾਹਰਮੁਖੀ ਗਿਆਨ ਅਤੇ ਚਾਨਣ ਦਾ ਅਥਾਹ ਠਾਠਾਂ ਮਾਰਦਾ ਵਿਸ਼ਾਲ ਸਾਗਰ ਹੈ।
ਸਿੱਖ ਧਰਮ ਸਰਵ ਸਾਂਝੀਵਾਲਤਾ ਦਾ ਧਰਮ ਹੈ। ਗੁਰੂ ਸਾਹਿਬਾਂ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹੋਏ ਸਾਰੀ ਦੁਨੀਆ ਨੂੰ ਇੱਕ ਮੁੱਠ, ਇੱਕ ਮਣਕੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ। ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਆਦਿ ਸਭ ਉੱਚੀਆਂ ਨੀਵੀਂਆਂ ਜਾਤੀਆਂ ਤੇ ਧਰਮਾਂ ਦੇ ਸੰਤਾਂ ਮਹਾਤਮਾਂ ਭਗਤਾਂ ਦੀਆਂ ਇੱਕ ਸੁਰ ਵਿਚਾਰਧਾਰਾ ਵਾਲੀਆਂ ਲੇਖਣੀਆਂ ਇੱਕ ਧਾਗੇ ਵਿੱਚ ਪਰੋ ਕੇ ਬਿਨਾ ਕਿਸੇ ਵਿਤਕਰੇ ਇਹਨਾਂ ਨੂੰ ਯੋਗ ਢੁਕਵੀਂ ਥਾਂ ਦੇ ਕੇ ਸਨਮਾਨਿਤ ਕੀਤਾ। 1604 ਈਸਵੀ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਤੇ ਸਥਾਪਨਾ ਮੁਗ਼ਲ ਕਾਲ ਦੀ ਸਭ ਤੋਂ ਮਹੱਤਵਪੂਰਨ ਕ੍ਰਾਂਤੀਕਾਰੀ ਯੁੱਗ-ਪਲਟਾਊ ਇਤਿਹਾਸਕ ਘਟਨਾ ਹੈ।
ਸੱਭੇ ਸਾਂਝੀਵਾਲ ਕਹਾਇਨਿ ਕੋਈ ਨਾ ਦੀਸੈ ਬਾਹਰਾ ਜੀਉ।
ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ।
ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰ ਮੁਸਲਮਾਨ ਦਾ ਪੀਰ।
ਅੱਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ,
ਏਕ ਨੂਰ ਤੇ ਸਭ ਜੱਗ ਉਪਜਿਆ ਕੋ ਭਲੇ ਕੋ ਮੰਦੇ।
ਆਖਣ ਖੋਲ੍ਹ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਣੈ।
ਬਾਬਾ ਆਖੇ ਹਾਜੀਆ ਸ਼ੁੱਭ ਕਰਮਾਂ ਬਾਝੋਂ ਦੋਵੇਂ ਰੋਈ।
ਗੁਰੂ ਨਾਨਕ ਦੇਵ ਜੀ ਨੇ ਹਜ਼ਾਰਾਂ ਮੀਲ ਪੈਦਲ ਚੱਲ ਕੇ ਚਾਰ ਉਦਾਸੀਆਂ ਸਮੇਂ ਇਸੇ ਵਿਚਾਰਧਾਰਾ ਨੂੰ ਪ੍ਰਚਾਰਿਆ। ਗੁਰੂ ਅਮਰਦਾਸ ਨੇ ਇਸੇ ਆਸ਼ੇ ਨਾਲ ਊਚ ਨੀਚ ਦਾ ਭੇਦਭਾਵ ਖਤਮ ਕਰਨ ਲਈ ਪਹਿਲੇ ਪੰਗਤ ਪਾਛੈ ਸੰਗਤ ਦੀ ਰੀਤ ਚਲਾਈ। ਗੁਰੂ ਰਾਮਦਾਸ ਨੇ 1577 ਈਸਵੀ ਵਿੱਚ ਅੰਮ੍ਰਿਤ ਸਰੋਵਰ ਦੀ ਨੀਂਹ ਰੱਖੀ ਤੇ ਰਾਮਦਾਸ ਪੁਰ ਜਿਸ ਨੂੰ ਅੱਜ ਕਲ ਅੰਮ੍ਰਿਤਸਰ ਕਹਿੰਦੇ ਹਨ ਦੀ ਸਥਾਪਨਾ ਕੀਤੀ। 1581 ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰ ਗੱਦੀ ਸੰਭਾਲਣ ਤੋਂ ਬਾਅਦ ਸਰੋਵਰ ਨੂੰ ਪੱਕਾ ਕਰਨਾ ਸ਼ੁਰੂ ਕਰਾ ਦਿੱਤਾ। ਇਸ ਸਰੋਵਰ ਦੇ ਵਿਚਕਾਰ ਗੁਰੂ ਅਰਜਨ ਦੇਵ ਨੇ ੧੫੮੭ ਵਿੱਚ ਚਾਰ ਦਰਵਾਜ਼ਿਆਂ ਵਾਲੇ ਹਰੀ ਮੰਦਰ ਸਾਹਿਬ ਦੀ ਨੀਂਹ ਪ੍ਰਸਿੱਧ ਮੁਸਲਮਾਨ ਸੂਫ਼ੀ ਫਕੀਰ ਸਾਈਂ ਮੀਆਂ ਮੀਰ ਦੇ ਹੱਥੀਂ ਰਖਵਾ ਕੇ ਚਹੁੰਆਂ ਵਰਨਾਂ ਲਈ ਖੁਲੇ ਇਕ ਸਾਂਝੇ ਪੂਜਣਯੋਗ ਧਰਮ ਅਸਥਾਨ ਦੀ ਸਥਾਪਨਾ ਕੀਤੀ। ਇਸ ਸਮੇਂ ਸਰੋਵਰ ਦੇ ਕੰਢੇ ਇੱਕ ਇਲਾਚੀ ਬੇਰੀ ਦੇ ਹੇਠ ਡੇਰਾ ਲਗਾ ਕੇ ਹਰੀ ਮੰਦਰ ਸਾਹਿਬ ਦੀ ਉਸਾਰੀ ਦੀ ਦੇਖ ਰੇਖ ਕਰਦੇ ਰਹੇ।
ਗੁਰੂ ਘਰ ਦੇ ਨਿਕਟਵਰਤੀ ਵਫ਼ਾਦਾਰ ਸਿਆਣੇ ਸਿਖਾਂ ਦੀ ਸਲਾਹ ਨਾਲ ਗੁਰੂ ਘਰ ਦੇ ਦਾਰਸ਼ਨਿਕ ਵਿਦਵਾਨ ਭਾਈ ਗੁਰਦਾਸ ਜੀ ਨੂੰ ਬੀੜ ਲਿਖਣ ਦੀ ਸੇਵਾ ਸੌਂਪੀ। ਰਾਮ ਸਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਅਨੁਸਾਰ ਸਾਰੀ ਪਵਿੱਤਰ ਬਾਣੀ ਦੀ ਪੜਚੋਲ ਸਮੀਖਿਆ ਹੁੰਦੀ ਰਹੀ । ਇਸ ਦੀ ਸੰਪਾਦਨ ਦੌਰਾਨ ਅਰਜਨ ਦੇਵ ਜੀ ਦੀ ਕੁਸ਼ਲਤਾ ਤੇ ਤੀਖਣ ਬਿਬੇਕ ਬੁੱਧੀ ਬੜੀ ਸਪੱਸ਼ਟ ਹੈ, ਜਿੱਥੇ ਕਿਸੇ ਲਿਖਾਰੀ ਨਾਲ ਉਹ ਸਹਿਮਤ ਨਹੀਂ ਹੋਏ ਜਾਂ ਜਿੱਥੇ ਸਿਧਾਂਤਿਕ ਪੱਖ ਤੋਂ ਵਿਆਖਿਆ ਜਾਂ ਸਪੱਸ਼ਟਤਾ ਦੀ ਲੋੜ ਸੀ ਉਥੇ ਉਹਨਾਂ ਆਪਣੀ ਟਿੱਪਣੀ ਸਹਿਤ ਵਿਆਖਿਆ ਕੀਤੀ ਹੋਈ ਹੈ ਜਾਂ ਆਪਣੇ ਵਿਚਾਰ ਦਿੱਤੇ ਹਨ।
ਭਾਦੋਂ ਸੁਦੀ ਇੱਕ {ਤੀਹ ਅਗਸਤ} ਸੰਨ ਸੋਲ਼ਾਂ ਸੌ ਚਾਰ ਨੂੰ ਗੁਰੂ ਅਰਜਨ ਦੇਵ ਜੀ ਨੇ ਹਰਿ ਮੰਦਰ ਸਾਹਿਬ ਵਿਖੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਦੇ ਕਰ ਕਮਲਾ ਨਾਲ ਕਰਵਾ ਕੇ ਉਹਨਾਂ ਨੂੰ ਪਹਿਲਾ ਸੇਵਾਦਾਰ ਮੁੱਖ ਗ੍ਰੰਥੀ ਥਾਪਿਆ।
ਜਿਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।
ਹਰਿਮੰਦਰ ਸਾਹਿਬ ਵਿਖੇ ਇੱਕ ਉੱਚਾ ਪੀਹੜਾ ਸਾਹਿਬ ਲਗਾ ਕੇ ਉੱਪਰ ਚੰਦੋਆ ਤਾਣ ਕੇ ਗਰੰਥ ਸਾਹਿਬ ਨੂੰ ਸਜਾ ਕੇ ਨਤ ਮਸਤਕ ਕੀਤਾ। ਗੁਰੂ ਅਰਜਨ ਦੇਵ ਤੇ ਹੋਰ ਸਿੱਖ ਥੱਲੇ ਭੁੰਜੇ ਸਾਫ ਕੋਰੇ ਤੱਪੜਾਂ ਤੇ ਬਿਰਾਜਮਾਨ ਹੋਏ।
ਪਹਿਲਾ ਮੁਖਵਾਕ … ਤਾਬਿਆ ਤੇ ਉਪਸਥਿਤ ਪਹਿਲੇ ਗਰੰਥੀ ਬਾਬਾ ਬੁੱਢਾ ਜੀ ਨੇ ਹੇਠ ਲਿਖਿਆ ਹੁਕਮਨਾਮਾ ਜੋ ਬਖਸ਼ਿਸ਼ ਹੋਇਆ, ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਨਿਹਾਲ ਕਰ ਦਿੱਤਾ।
ਸੰਤਾਂ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।
ਸਾਰੇ ਪਾਸੇ ਜੈ ਜੈ ਕਾਰ ਹੋ ਗਈ। ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਹੜ੍ਹ ਉਮਡ ਪਿਆ। ਇਹ ਅਲੌਕਿਕ ਗਰੰਥ ਸਰਵ ਵਿਆਪਕ ਅਕਾਲ ਪੁਰਖ ਦੀ ਭੇਜੀ ਧੁਰ ਕੀ ਬਾਣੀ ਹੈ। ਇਹ ਗਿਆਨ ਦੀ ਅੰਧੇਰੀ, ਦਰਸ਼ਨ ਦਾ ਨੱਕੋ ਨੱਕ ਭਰਿਆ ਸਮੁੰਦਰ, ਸਰਬ ਦੀਰਘ ਦੁੱਖਾਂ ਮੁਸੀਬਤਾਂ ਦਾ ਦਾਰੂ ਹੈ। ਇਸ ਵਿੱਚ ਹਰ ਕਿਸਮ ਦੇ ਸੰਸਾਰਕ ਕਸ਼ਟ, ਦੁੱਖ ਦਰਦ, ਚਿੰਤਾ ਹਰਨ ਦੀ ਸ਼ਕਤੀ ਹੈ। ਹਰ ਗੁਰੂ ਸਿੱਖ ਨੂੰ ਵਿਆਹ, ਖੁਸ਼ੀ ਗ਼ਮੀ ਦੇ ਮੌਕੇ ਇਸ ਦਾ ਓਟ ਆਸਰਾ ਲੈਣਾ ਬਣਦਾ ਹੈ।
ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ।
ਸਰਬ ਰੋਗ ਕਾ ਅਉਖਦ ਨਾਮ।
ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।
1430 ਪੰਨਿਆਂ ਵਾਲੇ ਇਸ ਮਹਾਨ ਗ੍ਰੰਥ ਵਿੱਚ ਕੁੱਲ 5894 ਸ਼ਬਦ ਹਨ ਜੋ ਚਉਪਦੀ, ਅਸ਼ਟਪਦੀ, ਛੰਦ, ਸਵਈਏ, ਸਲੋਕ, ਵਾਰਾ ਤੇ ਹੋਰ ਬਹੁਤ ਸਾਰੇ ਕਾਵਿਕ ਰੂਪਾਂ ਵਿੱਚ ਦਰਜ ਹਨ। ਬਹੁਤ ਸਾਰੇ ਸੂਫ਼ੀ ਸੰਤਾਂ ਭਗਤਾਂ, ਮਹਾਤਮਾਂ, ਨਾਥ ਜੋਗੀਆਂ, ਗੁਰੂ ਘਰ ਦੇ ਨਿਕਟਵਰਤੀ ਸਰਧਾਲੂਆ ਭੱਟਾਂ ਦੀਆਂ ਕਿਰਤਾਂ ਸ਼ਾਮਲ ਹਨ ਜੋ ਵੱਖ ਵੱਖ ਇਕੱਤੀ ਰਾਗ ਰਾਗਣੀਆਂ ਵਿੱਚ ਲਿਖੇ ਮਾਨਣ ਸਰਵਣ ਯੋਗ ਹਨ। ਇਸ ਪਾਵਨ ਗ੍ਰੰਥ ਵਿੱਚ ਮਨੁੱਖੀ ਜੀਵਨ ਦੇ ਅਸਲੀ ਉਦੇਸ਼, ਪ੍ਰਕਿਰਤੀ ਦੀ ਰਚਨਾ ਅਤੇ ਵਿਕਾਸ ਦੇ ਨਿਯਮ, ਮਨੁੱਖ ਦੀ ਸਮਾਜਿਕ ਭੂਮਿਕਾ, ਸਮਕਾਲੀ ਸਮਾਜ ਦੀ ਨਿੱਘਰੀ ਹਾਲਤ, ਰਾਜਸੀ ਹਾਕਮ ਜਰਵਾਣਿਆਂ ਦੇ ਤਸ਼ੱਦਦ ਤੇ ਹੋਰ ਹਰ ਤਰਾਂ ਦੇ ਵਿਸ਼ੇ ਦਾ ਬੜਾ ਹੀ ਸੁੰਦਰ ਸ਼ਬਦ ਚਿਤਰਨ ਹੈ। ਗੁਰੂ ਨਾਨਕ ਨੇ ਨਿਡਰਤਾ ਸਹਿਤ ਲੇਖਣੀ ਵਿੱਚ ਸਮਕਾਲੀ ਹਾਕਮਾਂ ਦੇ ਮੂੰਹ ਤੇ ਚਪੇੜ ਮਾਰ ਕੇ ਉਹਨਾਂ ਦੀ ਕਰਤੂਤ ਨੰਗੀ ਕੀਤੀ ਭਾਵੇਂ ਉਹਨਾਂ ਨੂੰ ਬਾਬਰ ਦੀ ਜੇਲ ਵਿੱਚ ਚੱਕੀ ਪੀਸਣੀ ਪਈ।
ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ।
ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ।
ਕਰਤੂਤ ਪਸ਼ੂ ਕੀ ਮਾਣਸ ਜਾਤਿ। ਲੋਕ ਪਚਾਰਾ ਕਰੇ ਦਿਨ ਰਾਤ।
ਬਾਹਰ ਭੇਖ ਅੰਤਰ ਮਲ ਮਾਇਆ। ਛਪਸਿ ਨਾਹਿ ਕਿਛੂ ਕਰੇ ਛੁਪਾਇਆ।
ਔਰਤ ਨਾਲ ਹੁੰਦੇ ਜੁਲਮ ਤੇ ਵਿਤਕਰੇ ਦੇ ਖ਼ਿਲਾਫ਼ ਆਵਾਜ਼ ਉਠਾ ਕੇ ਇਸਤਰੀ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਸਮਾਜ ਨੂੰ ਇਸ ਦੇ ਰੁਤਬੇ ਦੀ ਮਹਾਨਤਾ ਦਰਸਾ ਕੇ ਮੁਨਾਸਬ ਦਰਜਾ ਦੇਣ ਲਈ ਖ਼ਬਰਦਾਰ ਕੀਤਾ।
ਭੰਡ ਜੰਮੀਏ ਭੰਡ ਨੰਮੀਏ ਭੰਡ ਮੰਗਣ ਵੀਆਹੁ …।
ਨਾਨਕ ਭੰਡੇ ਬਾਹਰਾ ਦੂਸਰ ਨਾਹੀ ਕੋਏ।
ਇਹ ਨਰਕ ਸੁਰਗ, ਅਗਲੇ ਤੇ ਪਿਛਲੇ ਕਰਮਾਂ ਦੀ ਗੱਲ ਵੀ ਕਰਦਾ ਹੈ। ਪਰਲੋਕਿਕ ਜਗਤ ਦੀ ਹੋਂਦ ਤੇ ਬਰੀਕੀਆਂ ਨੂੰ ਸਮਝਣ ਹਿਤ ਇੱਕ ਬ੍ਰਹਮ ਦਾ ਸੰਕਲਪ ਪੇਸ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਮੱਤ ਅਨੁਸਾਰ ਪ੍ਰਮਾਤਮਾ ਇੱਕ ਹੈ। ਜਪੁਜੀ ਸਾਹਿਬ ਦੀ ਪਹਿਲੀ ਪਉੜੀ, ਮੂਲ ਮੰਤਰ ਵਿੱਚ ਉਸ ਪਰਮ ਪ੍ਰਮਾਤਮਾ ਬ੍ਰਹਮ ਦਾ ਹੁੱਲੀਆਂ ਬੜੀ ਬਰੀਕੀ ਨਾਲ ਚਿਤਰਿਆ ਹੋਇਆ ਹੈ। ਬ੍ਰਹਮ ਪ੍ਰਮਾਤਮਾ ਜੋ ਨਿਰਗੁਣ ਵੀ ਹੈ ਸਰਗੁਣ ਵੀ ਹੈ। ਉਹ ਕਿਸੇ ਰੂਪ ਵਿੱਚ ਨਹੀਂ ਦਿਸਦਾ ਫਿਰ ਵੀ ਉਹ ਸਾਰੀ ਸਰਿਸ਼ਟੀ ਵਿੱਚ ਮੌਜੂਦ ਹੈ ਅਤੇ ਇਹ ਸਾਰਾ ਬ੍ਰਹਮੰਡ ਉਸੇ ਦਾ ਹੀ ਰੂਪ ਹੈ। ਬ੍ਰਹਮ ਦੇ ਇਸੇ ਰੂਪ ਦਾ ਤੀਖਣ ਅਨਭਵ ਹੀ ਅਸਲ ਵਿੱਚ ਪਰਮਾਤਮਾ ਦੀ ਪਰਾਪਤੀ ਹੈ। ਉਹ ਨਿਰਭਉ , ਨਿਰਵੈਰ, ਨਿਰਾਕਾਰ ਤੇ ਅਜੂੰਨੀਂ ਹੈ ਤੇ ਸਾਰੀ ਸਰਿਸ਼ਟੀ ਉਸ ਦੇ ਭਾਣੇ ਅੰਦਰ ਚੱਲ ਰਹੀ ਹੈ।
ਹੁਕਮੀ ਹੋਵਨਿ ਆਕਾਰ ਹੁਕਮ ਨਾ ਕਿਹਾ ਜਾਈ।
ਹੁਕਮੀ ਹੋਵਨਿ ਜੀਅ ਹੁਕਮਿ ਮਿਲੇ ਵਡਿਆਈ।
ਇਹ ਜਗੁ ਸੱਚੇ ਦੀ ਹੈ ਕੋਠੜੀ ਸੱਚੇ ਦਾ ਵਿਚ ਵਾਸ।
ਇਕਨਾ ਹੁਕਮ ਸਮਾਇ ਲਏ ਇਕਨਾ ਹੁਕਮ ਕਰੇ ਵਿਣਾਸੁ।
ਨਿਰਗੁਣ ਆਪ ਸਰਗੁਣ ਭੀ ਓਹੀ। ਕਲਾਧਾਰ ਜਿਨਿ ਸਗਲੀ ਮੋਹੀ।
ਸਰਗੁਨ ਨਿਰਗੁਨ ਨਿਰੰਕਾਰ, ਸੁੰਨ ਸਮਾਧੀ ਆਪਿ।
ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪਿ।
ਸਿੱਖ ਸਿਧਾਂਤ ਅਨੁਸਾਰ ਗੁਰੂ ਦਾ ਦਰਜਾ ਬਹੁਤ ਉੱਤਮ ਹੈ। ਭਗਤੀ ਰਸ, ਪ੍ਰੇਮ ਰਸ, ਗੁਰੂ ਦੀ ਮਹਿਮਾ ਵਡਿਆਈ ਵੱਖ ਵੱਖ ਤਰਾਂ ਨਾਲ ਬਿਆਨ ਕੀਤਾ ਗਿਆ ਹੈ। ਗੁਰੂ ਪਰਮਾਤਮਾ ਨੂੰ ਪਰੀਤਮ, ਪਿਤਾ, ਪਤੀ ਕੰਤ ਆਦਿ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਹੈ। ਗੁਰੂ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਨਾਲ ਨਾਲ ਧਾਰਮਿਕ ਕਰਮ ਕਾਂਡ ਦਾ ਜੋਰਦਾਰ ਖੰਡਨ ਤੇ ਗੁਰਮਤ ਦੇ ਸਿਧਾਂਤਾਂ ਦੀ ਵਿਆਖਿਆ ਵੀ ਮਿਲਦੀ ਹੈ। ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ, ਮਿੱਠਾ ਬੋਲਣਾ, ਨਿਉਂ ਕੇ ਚਲਣਾ ਸਿੱਖੀ ਦੇ ਖਾਸ ਅਸੂਲ ਹਨ। ਗੁਰੂ ਦਾ ਸਿੱਖ ਕਿਸੇ ਦਾ ਬੁਰਾ ਨਹੀਂ, ਸਰਬੱਤ ਦਾ ਭਲਾ ਮੰਗਦਾ ਹੈ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ।
ਕਰਮ ਕਾਂਡ ਬਹੁ ਕਰਹਿ ਆਚਾਰ, ਬਿਨ ਨਾਵੈ ਧ੍ਰਿਗ ਅਹੰਕਾਰ।
ਇਹ ਧੁਰ ਕੀ ਬਾਣੀ ਆਪ ਹੀ ਗੁਰੂ ਹੈ ਜੋ ਸਰਵ ਕਲਾਂ ਸੰਪੂਰਨ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ,
ਗੁਰੂ ਬਾਣੀ ਕਹੇ ਸੇਵਕ ਜਨ ਮਾਨੇ ਪਰਤੱਖ ਗੁਰੂ ਨਿਸਤਾਰੈ।
ਸਿੱਖ ਜੋ ਇੱਕ ਉਂਕਾਰ ਨੂੰ ਮੰਨਦਾ ਹੈ ਤੇ ਗੁਰੂ ਗ੍ਰੰਥ ਦਾ ਉਪਾਸ਼ਕ ਹੈ ਵਾਸਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਨਿਰਲੇਪ ਉੱਪਰ ਉੱਠ ਕੇ ਉੱਚਾ ਤੇ ਸੁੱਚਾ ਜੀਵਨ ਜੀਵਣਾ ਗਾਡੀ ਰਾਹ ਹੈ। ਹੋਰ ਕਿਸੇ ਹੋਂਦ ਗੋਰਖ, ਸ਼ਿਵ, ਵਿਸ਼ਨੂੰ, ਬ੍ਰਹਮਾ, ਮਹੇਸ਼, ਪਾਰਬਤੀ ਆਦਿ ਨੂੰ ਮੰਨਣਾ ਜਾਂ ਧਿਆਉਣਾ, ਗੁੱਗੇ ਮੜ੍ਹੀਆਂ ਮਸਾਣਾਂ ਨੂੰ ਪੂਜਣਾ ਮਨਮਤ ਹੈ ਤੇ ਵਿਵਰਜਿਤ ਹੈ।
ਕਿਸ਼ਨ ਬਿਸ਼ਨ ਮੈਂ ਕਭੀ ਨਾ ਧਿਆਊਂ ਜੋ ਵਰ ਚਾਹੂੰ ਸੋ ਤੁਝ ਤੇ ਪਾਊਂ।
ਸ਼ਬਦ ਗੁਰੂ ਗਰੰਥ ਸਾਹਿਬ ਜੀਵਨ ਦੀਆਂ ਕਈ ਅਟੱਲ ਸਚਾਈਆਂ ਦੀਆਂ ਉਦਾਹਰਨਾਂ ਦੇ ਕੇ ਜੀਵਨ ਜਾਚ ਸਿਖਾਉਂਦਾ ਹੈ।
ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ।
ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ।
ਮਨ ਜੀਤੇ ਜੱਗ ਜੀਤ।
ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ।
ਰੋਟੀਆਂ ਕਾਰਨ ਪੂਰੇ ਤਾਲ।
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ… ਛੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਬਾਣੀ ਦਰਜ ਹੈ। ਗੁਰੂ ਨਾਨਕ ਦੀ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਸਮੇਤ 974 ਸ਼ਬਦ, ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ, ਅਮਰਦਾਸ ਜੀ ਦੇ ਅਨੰਦ ਸਾਹਿਬ ਸਮੇਤ 907 ਗੁਰੂ ਰਾਮਦਾਸ ਜੀ ਦੇ 679 ਸ਼ਬਦ, ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਸਮੇਤ 2218 ਸ਼ਬਦ ਅਤੇ ਗੁਰੂ ਤੇਗ ਬਹਾਦਰ ਜੀ ਦੇ 115 ਸ਼ਬਦ ਪੰਜਾਬੀ ਸਾਹਿਤ ਦਾ ਬੜਾ ਹੀ ਸੁੰਦਰ ਤੇ ਅਨਮੋਲ ਖਜਾਨਾ ਹੈ।
ਪੰਦਰਾਂ ਭਗਤ… ਭਗਤ ਸ਼ੇਖ ਫਰੀਦ ਜੀ ਸ਼ਕਰਗੰਜ {1173-1266 ਏ ਡੀ} ਦੇ ੧੧੬ ਸ਼ਬਦ, ਭਗਤ ਬੈਣੀ ਜੀ ਦੇ ੩ ਸ਼ਬਦ, ਭਗਤ ਸੈਣੀ ਜੀ{1390-1440} ਦਾ ਇੱਕ ਸ਼ਬਦ ਪੰਨਾ 695, ਭਗਤ ਸੂਰਦਾਸ ਜੀ ਦਾ ਇੱਕ ਸ਼ਬਦ, ਭਗਤ ਰਾਮਾਨੰਦ ਜੀ {1366-1467} ਦਾ ਇੱਕ ਸ਼ਬਦ ਪਮਨਾ 1195, ਭਗਤ ਪਰਮਾਨੰਦ ਜੀ {1483-1593} ਦਾ ਇੱਕ ਸ਼ਬਦ ਪੰਨਾ 1253, ਭਗਤ ਪੀਪਾ ਜੀ{1426-1512} ਦਾ ਇੱਕ ਸ਼ਬਦ ਪੰਨਾ 148, ਭਗਤ ਸਦਨਾ ਜੀ{1180-1235} ਇੱਕ ਸ਼ਬਦ ਪੰਨਾ 858, ਕਬੀਰ ਜੀ {1398-1494} ਦੇ 541 ਸ਼ਬਦ, ਨਾਮਦੇਵ ਜੀ 1270-1350} ਦੇ 61 ਸ਼ਬਦ, ਰਵਿਦਾਸ ਜੀ{1399-1514} ਦੇ ੪੦ ਸ਼ਬਦ, ਤ੍ਰੀਲੋਚਨ ਜੀ 1267-1335 ਈ} ਦੇ ੪ ਸ਼ਬਦ, ਭਗਤ ਧੰਨਾ ਜੀ{1415-1475} ਦੇ 3 ਸ਼ਬਦ, ਭਗਤ ਭੀਖਣ ਜੀ {1480-1573} ਦੇ ੨ ਸ਼ਬਦ ਪੰਨਾ 659, ਭਗਤ ਜੈਦੇਵ ਜੀ {1201-1273} ਦੇ 2 ਸ਼ਬਦ ਪੰਨਾ 526, 1106॥
ਕਬੀਰ ਜੀ ਭਗਤੀ ਲਹਿਰ ਦੇ ਸਭ ਤੋਂ ਵੱਧ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਹੋਏ ਹਨ ਜਿਨ੍ਹਾਂ ਨੇ ਸਮਾਜਿਕ ਤੇ ਧਾਰਮਿਕ ਵਹਿਮਾਂ ਭਰਮਾਂ ਅਤੇ ਜਾਤੀ ਭੇਦ ਭਾਵ ਨੂੰ ਮਿਟਾਉਣ ਲਈ ਸਮਾਜ ਨੂੰ ਹਲੂਣਿਆਂ ਤੇ ਪ੍ਰੇਰਿਆ। ਭਗਤ ਬਾਣੀ ਦੇ ਕੁੱਲ 922 ਸ਼ਬਦਾਂ ਵਿਚੋਂ ਇਕੱਲੇ ਕਬੀਰ ਦੇ 541 ਹਨ ਜੋ ਗਿਣਤੀ ਵਿੱਚ ਸਭ ਤੋ ਵੱਧ ਹਨ। ਕਬੀਰ ਜੋ ਆਪ ਇੱਕ ਨਿਧੜਕ ਪੂਰਨ ਬ੍ਰਹਮ ਗਿਆਨੀ ਸਨ, ਆਪਣੀ ਸੱਚ ਦੀ ਪਹਿਰੇਦਾਰ ਜੁਝਾਰੂ ਲੇਖਣੀ ਕਰਕੇ ਹਕੂਮਤ ਦੀ ਹਿੱਕ ਦਾ ਫੋੜਾ ਬਣ ਗਿਆ। ‘ਕਬੀਰ ਮੁੱਲਾਂ ਮੁਨਾਰੇ ਕਿਆ ਚਢਿਹ ਸਾਈਂ ਨਾ ਬਹੁਰਾ ਹੋਇ। ਜਾਂ ਕਾਰਨਿ ਤੂੰ ਬਾਂਗ ਦੇਹ ਦਿਲ ਹੀ ਭੀਤਰ ਹੋਇ।’ ਉਸ ਦੇ ਖ਼ਿਲਾਫ਼ ਹਾਥੀ ਅੱਗੇ ਸੁਟਾਉਣ ਦਾ ਫਤਵਾ ਲੱਗ ਗਿਆ। ਰੱਬੀ ਰੰਗ ਵਿੱਚ ਓਤ ਪੋਤ ਭਗਤ ਸੂਰ ਦਾਸ ਜੀ ਦੀ ਇੱਕੋ ਇੱਕ ਤੁਕ ਗੁਰਬਾਣੀ ਵਿੱਚ ਮਨਜ਼ੂਰ ਹੋ ਗਈ। ਗੁਰੂ ਗ੍ਰੰਥ ਵਿੱਚ ਰਵੀ ਦਾਸ ਜੀ ਦਾ ਬੜਾ ਹੀ ਸੁੰਦਰ ਬੇਗ਼ਮਪੁਰਾ ਸ਼ਹਿਰ ਦਾ ਸੰਕਲਪ ਦ੍ਰਿਸ਼ਟੀ ਗੋਚਰ ਹੈ।
ਬੇਗਮ ਪੁਰਾ ਸ਼ਹਿਰ ਕੋ ਨਾਓਂ। ਦੁੱਖ ਅੰਦੇਹੂ ਨਹੀਂ ਤੇ ਠਾਓਂ।
ਨਾ ਤਸ਼ਵੀਸ਼ ਖ਼ਿਰਾਜ ਨਾ ਮਾਲ, ਖ਼ੌਫ ਨਾ ਖ਼ਤਾ ਨਾ ਤਰਸ ਜੀਵਾਲਿ।
ਬੇ-ਗ਼ਮ ਸ਼ਾਂਤਮਈ ਗਲੋਬਲ ਸ਼ਹਿਰ/ਪਿੰਡ ਜਿਥੇ ਕੋਈ ਗਮ ਫਿਕਰ ਦੁੱਖ ਭੈ ਨਾ ਹੋਵੇ, ਬੰਬਾਂ ਬੰਦੂਕਾਂ ਤੋਂ ਮੁਕਤ ਸਾਰਾ ਚੌਗਿਰਦਾ ਸ਼ਾਂਤਮਈ ਜੀਵਨ ਨਾਲ ਭਰਪੂਰ ਹੋਵੇ, ਜਿਥੇ ਕੋਈ ਕਿਸੇ ਦਾ ਦੁਸ਼ਮਣ ਨਾ ਹੋਵੇ। ਗੁਰੂ ਦੇ ਸਿੱਖਾਂ ਨੂੰ ਸਭ ਥਾਂ ਤੂੰ ਹੀ ਤੂੰ ਨਜ਼ਰ ਆਵੇ। ਕਿਸੇ ਭਾਈ ਘਨੱਈਏ ਵਾਂਗ ਹਰ ਇੱਕ ਦੇ ਹੱਥ ਮਰਹਮ ਦੀ ਡੱਬੀ ਹੋਵੇ ਤੇ ਉਹ ਬਿਨਾ ਕਿਸੇ ਭੇਦਭਾਵ ਵਿਤਕਰੇ ਤੋਂ ਸਭ ਲੋੜਵੰਦ ਦੁਖੀਆਂ ਦੇ ਜ਼ਖ਼ਮਾਂ ਤੇ ਪੱਟੀ ਕਰਦਾ ਰਹੇ, ਬੰਨ੍ਹਦਾ ਰਹੇ।
ਚਾਰ ਹੋਰ ਸਿੱਖ = ਭਾਈ ਮਰਦਾਨਾ ਜੀ ਦੇ 3 ਸ਼ਬਦ ਪੰਨਾ 553, ਭਾਈ ਸੁੰਦਰ ਜੀ ਦੇ 6 ਸ਼ਬਦ, ਭਾਈ ਸੱਤਾ ਜੀ ਦੇ 3 ਸ਼ਬਦ ਅਤੇ ਭਾਈ ਬਲਵੰਡ ਜੀ ਦੇ 5 ਸ਼ਬਦ।
ਗਿਆਰਾਂ ਭੱਟ = ਜਾਲਪ – 5, ਮਥੁਰਾ – 12, ਗਯੰਦ – 13, ਬੱਲ੫, ਭੱਲ -1, ਭਿਖਾ – 2, ਹਰਿਬੰਸ – 2, ਨੱਲ – 16, ਸੱਲ – 3, ਕਲਸਹਾਰ – 54, ਕੀਰਤ – 8 ਸ਼ਬਦ/ਸਵਈਏ ਗੁਰੂ ਗ੍ਰੰਥ ਸਾਹਿਬ ਦਾ ਸ਼ਿੰਗਾਰ ਹਨ।
ਉਪਰੋਕਤ ਲੇਖਕਾਂ ਦੀਆਂ ਭਗਤੀ ਭਾਵ ਅਧਿਆਤਮਕ ਵਿਚਾਰਧਾਰਾ ਦੀਆਂ ਰਚਨਾਵਾਂ ਨੂੰ ਅੰਕਿਤ ਕਰ ਕੇ ਸਰਵ ਪ੍ਰਮਾਣਿਕ ਧਰਮ ਗਰੰਥ ਦੀ ਸਿਰਜਨਾ ਕੀਤੀ ਗਈ। ਭਾਰਤ ਦੇ ਦੂਰ ਦੁਰਾਡੇ ਕੋਨਿਆਂ ਵਿੱਚੋਂ ਲਈ ਇਹਨਾਂ ਭਗਤਾਂ ਦੀ ਬਾਣੀ ਨੇ ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਭਖਾਵਾਂ ਤੇ ਉਪ ਭਖਾਵਾਂ ਦੇ ਪ੍ਰਚਲਤ ਸ਼ਬਦਾਂ ਅਤੇ ਉਥੋਂ ਦੇ ਰਹਿਣ ਸਹਿਣ ਤੇ ਰਸਮੋ ਰਿਵਾਜ ਦੀ ਜਾਣਕਾਰੀ ਨਾਲ ਪੰਜਾਬੀ ਬੋਲੀ ਨੂੰ ਅਮੀਰ ਮਾਲਾ-ਮਾਲ ਕਰ ਦਿੱਤਾ।
ਬਾਅਦ ਵਿੱਚ ਗੁਰੂ ਗੋਬਿਦ ਸਿੰਘ ਨੇ ਭਾਈ ਮਨੀ ਸਿੰਘ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸੰਮਿਲਤ ਕਰਕੇ ਗ੍ਰੰਥ ਸੰਪੂਰਨ ਕਰਾਇਆ ਅਤੇ 1708 ਈਸਵੀ ਵਿੱਚ ਆਦੇਸ਼ ਕਰਕੇ ਇਸ ਨੂੰ ਦਸਾਂ ਗੁਰੂਆਂ ਦੇ ਆਤਮਿਕ ਜੋਤ ਸਰੂਪ, ਸ਼ਬਦ ਗੁਰੂ ਦਾ ਦਰਜਾ ਦਿੱਤਾ।
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਉ ਪ੍ਰਕਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲ ਲੋਚ ਹੈ ਖੋਜ ਸ਼ਬਦ ਮੇਂ ਲੇਹ।
ਹੁਕਮ ਦੇ ਕੇ ਦੇਹਧਾਰੀ ਗੁਰੂਆਂ ਦਾ ਨਿਬੇੜਾ ਕਰ ਦਿੱਤਾ ਤਾਂ ਜੋ ਕਿਸੇ ਮੱਖਣ ਸ਼ਾਹ ਲੁਬਾਣੇ ਵਰਗੇ ਗੁਰਸਿੱਖ ਨੂੰ ਨਕਲੀ ਗੁਰੂਆਂ ਦੀ ਮੰਡੀ ਵਿੱਚ ਆਪਣੇ ਅਸਲੀ ਗੁਰੂ ਨੂੰ ਲੱਭਣ ਲਈ ਦਰ ਦਰ ਨਾ ਭਟਕਣਾ ਪਵੇ, ….. ਗੁਰੂ ਲਾਧੋ ਰੇ।
ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਆਪ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਲਿਖਾਰੀ ਤੇ ਦੂਰ-ਅੰਦੇਸ਼ੀ ਦੇ ਮਾਲਕ ਸਨ। ਪ੍ਰਭੂ ਭਗਤੀ ਵਿੱਚ ਲੀਨ ਗੁਰੂ ਜੀ ਨੇ ਬਹੁਤ ਸਾਰੀ ਕਵਿਤਾ ਲਿਖੀ ਜਿਸ ਨੂੰ ਬਾਅਦ ਵਿੱਚ ਗੁਰਬਾਣੀ ਦਾ ਦਰਜਾ ਮਿਲਿਆ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਦੀਆਂ ਕਿਰਤਾਂ ਉਹਨਾਂ ਕੋਲ ਪਿਤਾ-ਪੁਰਖੀ ਜਾਂ ਪੀਹੜੀ ਦਰ ਪੀਹੜੀ ਪਰੰਪਰਾਗਤ ਸੁਰਖਿਅਤ ਸਨ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸਮੇਂ ਹੋਰ ਸਮਕਾਲੀਆਂ ਅਤੇ ਹਮ ਖਿਆਲੀਆਂ ਕੋਲੋਂ ਇਕੱਤਰ ਕੀਤੀਆਂ ਹੋਰ ਢੇਰ ਸਾਰੀਆਂ ਰਚਨਾਵਾਂ ਵੀ ਸ਼ਾਮਲ ਸਨ। ਉਦਾਸੀਆਂ ਸਮੇਂ ਗੁਰੂ ਨਾਨਕ ਦੇਵ ਜੀ ਹੱਥ ਵਿੱਚ ਕਿਤਾਬ ਰੱਖਦੇ ਸਨ, ਜਿਸ ਵਿੱਚ ਜ਼ਾਹਿਰ ਹੈ ਉਹ ਸਮੇਂ ਸਮੇਂ ਰਸਤੇ ਦੀ ਯਾਤਰਾ ਦੇ ਤਜਰਬੇ ਤੇ ਘਟਨਾਵਾਂ ਅੰਕਿਤ ਕਰਦੇ ਲਿਖਦੇ ਰਹੇ ਤੇ ਹੋਰਾਂ ਤੋਂ ਇਕੱਤਰ ਕੀਤੀਆਂ ਰਚਨਾਵਾਂ ਜਮ੍ਹਾਂ ਕਰਦੇ ਰਹੇ।
ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਅਜੇਹੀ ਬਹੁਮੁੱਲੀ ਪ੍ਰਮਾਤਮਾ ਨਾਲ ਜੋੜਨ ਵਾਲੀ ਮੌਲਿਕ ਅਸਲੀ ਕਵਿਤਾ ਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ ਤਾਂ ਜੋ ਇਸ ਵਿੱਚ ਕੱਚੀ ਰਚਨਾ ਦਾ ਖੋਟ ਨਾ ਰਲ ਜਾਏ ਕਿਉਂਕਿ ਉਹਨਾਂ ਦਿਨਾਂ ਵਿੱਚ ਪਿਰਥੀ ਚੰਦ ਤੇ ਮਿਹਰਬਾਨ ਜੋ ਗੁਰੂ ਘਰ ਦੇ ਵਿਰੋਧੀ ਸਨ, ਨੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਤੇ ਗੁਰੂ ਆਸ਼ੇ ਤੋਂ ਭਟਕਾਉਣ ਲਈ ਆਪਣੀਆਂ ਨਕਲੀ ਪੋਥੀਆਂ ਬਣਵਾ ਲਈਆਂ ਸੁਣੀਆਂ ਜਾਂਦੀਆਂ ਸਨ। ਭਾਰਤ ਦੇ ਹੋਰ ਹਿਸਿਆਂ ਵਿੱਚ ਵੀ ਪ੍ਰਭੂ ਭਗਤੀ ਵਿੱਚ ਲਬਰੇਜ਼ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਰੱਬ ਨੂੰ ਪਹੁੰਚੇ ਭਗਤਾਂ ਬਾਰੇ ਉਹਨਾਂ ਨੂੰ ਗਿਆਨ ਸੀ ਜਿਨ੍ਹਾਂ ਦੀਆਂ ਰਚਨਾਵਾਂ ਜਾਂ ਤਾਂ ਸਮੇਂ ਦੇ ਗੇੜ ਥੱਲੇ ਗੁਆਚ ਗਈਆਂ ਜਾਂ ਰੁਲ ਰਹੀਆਂ ਸਨ। ਉਸ ਸਮੇਂ ਇਕ ਦੂਸਰੇ ਤੱਕ ਪਹੁੰਚ ਕਰਨੀ ਅਤਿਅੰਤ ਮੁਸ਼ਕਿਲ ਸੀ। ਆਵਾਜਾਈ ਦੇ ਸਾਧਨ ਬਿਲਕੁਲ ਹੀ ਨਹੀਂ ਸਨ ਜਾਂ ਸੀਮਤ ਸਨ। ਇਸ ਮਨੋਰਥ ਲਈ ਉਹਨਾਂ ਨੇ ਹੋਰਾਂ ਤੱਕ ਪਹੁੰਚ ਕਰਨ ਦੀ ਸਕੀਮ ਬਣਾਈ ਤੇ ਹਰਕਾਰਿਆਂ ਰਾਹੀਂ ਆਪਣਾ ਸੰਦੇਸ਼ ਉਹਨਾਂ ਤੱਕ ਪਹੁੰਚਾਇਆ ਤੇ ਪ੍ਰਚਾਰਿਆ। ਅਜੇਹੇ ਨੇਕ ਕੰਮ ਲਈ ਉਹਨਾਂ ਨੂੰ ਬਹੁਤ ਹੀ ਘਾਲਣਾ ਘਾਲਣੀਆਂ ਪਈਆਂ ਤੇ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਕੁਛ ਲਿਖਾਰੀਆਂ ਨੇ ਸਵੈ-ਇੱਛਾ ਨਾਲ ਆਪਣੀਆਂ ਕਲਾ-ਕਿਰਤਾਂ ਪੇਸ਼ ਕਰ ਦਿੱਤੀਆਂ ਜਾਂ ਭੇਜ ਦਿੱਤੀਆਂ।
ਗੁਰੂ ਰਾਮਦਾਸ ਤੇ ਹੋਰ ਗੁਰੂਆਂ ਦੀ ਕੁਝ ਬਹੁਤ ਹੀ ਮਹੱਤਵਪੂਰਨ ਬਾਣੀ ਜੋ ਗੋਇੰਦਵਾਲ ਵਿਖੇ ਬਾਬੇ ਮੋਹਣ ਕੋਲ ਪਈ ਸੀ ਉਹ ਅਜੇ ਤੱਕ ਨਹੀਂ ਸੀ ਮਿਲੀ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਭਾਈ ਮੋਹਨ ਜੀ ਕੋਲੋਂ ਇਹ ਬਾਣੀਆਂ ਲਿਆਉਣ ਲਈ ਕਾਮਯਾਬ ਨਾ ਹੋ ਸਕ। ਉਹ ਚੁਬਾਰੇ ‘ਚ ਪ੍ਰਭੂ ਭਗਤੀ ਵਿੱਚ ਲੀਨ ਭਾਈ ਮੋਹਣ ਦੀ ਸਮਾਧੀ ਨਾ ਖੁਲ੍ਹਵਾ ਸਕੇ ਜੋ ਆਪਣੇ ਸੁਆਸ ਦਸਵੇਂ ਦੁਆਰ ਚੜ੍ਹਾਈ ਬੈਠਾ ਸੀ। ਗੁਰੂ ਅਰਜਨ ਦੇਵ ਜੀ ਆਪ ਪੈਦਲ ਚੱਲ ਕੇ ਉਥੇ ਪਹੁੰਚੇ। ਥੱਲੇ ਧਰਤੀ ਤੇ ਬਿਰਾਜਮਾਨ ਹੋ ਕੇ ਕੀਰਤਨ ਕਰਨ ਲੱਗੇ… ਮੋਹਨ ਤੇਰੇ ਉੱਚੇ ਮਹਿਲ ਮਨਾਰੇ।’ ਬੜੇ ਸਬਰ ਸੰਤੋਖ ਨਾਲ ਉਹ ਬਾਰ ਬਾਰ ਇਹੀ ਕੀਰਤਨ ਕਰਦੇ, ਉਸ ਦੀ ਸਮਾਧੀ ਦੇ ਖੁੱਲ੍ਹਣ ਦੀ ਇੰਤਜ਼ਾਰ ਵਿੱਚ ਸ਼ਬਦ ਦੁਹਰਾਉਂਦੇ ਰਹੇ, ਮਿੰਨਤਾਂ ਤਰਲੇ ਅਰਜ਼ਾਂ ਕਰਦੇ ਰਹੇ। ਅਖੀਰ ਮੋਹਨ ਜੀ ਦੀ ਸਮਾਧੀ ਖੁੱਲ੍ਹੀ। ਉਹ ਬਹੁਤ ਖਫੇ ਹੋਇਆ। ਆਪ ਉੱਠ ਕੇ ਥੱਲੇ ਆਇਆ, ਗੁਰੂ ਜੀ ਨੂੰ ਬੁਰਾ ਬਲਾ ਕਿਹਾ। ਸ਼ਾਂਤ ਚਿੱਤ ਗੁਰੂ ਜੀ ਨੇ ਬੜੇ ਠਰ੍ਹੰਮੇ ਨਾਲ ਕਿਹਾ ਕਿ ਤੁਸੀਂ ਇਸ ਮਿਜ਼ਾਜ ਵਿੱਚ ਬਹੁਤ ਸੁੰਦਰ ਚੰਗੇ ਲਗਦੇ ਹੋ, ਹੋਰ ਅਜਿਹੇ ਬਚਨ ਕਰਦੇ ਰਹੋ। ਉਹ ਛਿੱਥਾ ਝੂਠਾ ਜਿਹਾ ਹੋ ਗਿਆ। ਗੁਰੂ ਜੀ ਕੋਲੋਂ ਆਪਣੀ ਭੁੱਲ ਬਖ਼ਸ਼ਾਈ ਤੇ ਆਉਣ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਬੜੀ ਨਿਮਰਤਾ ਨਾਲ ਆਪਣਾ ਮਨੋਰਥ ਸਪੱਸ਼ਟ ਕੀਤਾ। ਫਿਰ ਮੋਹਨ ਜੀ ਬੜੇ ਪ੍ਰਸੰਨ ਹੋਏ ਤੇ ਬੜੇ ਅਦਬ ਨਾਲ ਬਿਨਾ ਕਿਸੇ ਹੀਲ ਹੁੱਜਤ ਦੇ ਪੋਥੀਆਂ ਗੁਰੂ ਅਰਜਨ ਦੇਵ ਜੀ ਦੇ ਸਪੁਰਦ ਭੇਟ ਕਰ ਦਿੱਤੀਆਂ।
‘ਧੰਨਭਾਗ ਮੇਰੇ! ਤੁਸਾਂ ਮੇਰੀ ਬਹੁਤ ਵੱਡੀ ਜਿੰਮੇਵਾਰੀ ਤੋਂ ਮੈਨੂੰ ਮੁਕਤ ਕਰ ਦਿੱਤਾ ਹੈ। ਲੈ ਜਾਉ, ਮੈਨੂੰ ਪਤਾ ਹੈ ਹੁਣ ਇਹ ਚੰਗੇ ਸੁਰਖਿਅਤ ਹੱਥਾਂ ਵਿੱਚ ਚੰਗੀ ਅਨੁਕੂਲ ਜਗ੍ਹਾ ਵਿੱਚ ਰਹਿਣਗੀਆਂ।’
ਗੁਰੂ ਅਰਜਨ ਦੇਵ ਜੀ ਇਸ਼ਨਾਨ ਕਰਕੇ ਬੜੇ ਸ਼ਰਧਾ ਸਤਿਕਾਰ ਨਾਲ ਪੋਥੀਆਂ ਨੂੰ ਗ੍ਰਹਿਣ ਕੀਤਾ ਤੇ ਨੰਗੇ ਪੈਰੀਂ ਚੌਰ ਝੁਲਾਉਂਦੇ ਹੋਏ ਪੈਦਲ ਅੰਮ੍ਰਿਤਸਰ ਪਹੁੰਚ ਕੇ ਰਾਮ ਸਰ ਸਾਹਿਬ ਦੇ ਥੜ੍ਹੇ ਤੇ ਬਿਰਾਜਮਾਨ ਜਾ ਕੀਤਾ। ਭਾਈ ਗੁਰਦਾਸ ਜੀ ਜੋ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਇਹ ਬਾਣੀ ਸੰਮਿਲਤ ਕਰਕੇ ਆਦਿ ਗ੍ਰੰਥ ਸੰਪੂਰਨ ਕੀਤਾ। ਇਸ ਦੇ 974 ਪੰਨੇ ਅਤੇ 30 ਰਾਗਾਂ ਵਿੱਚ 5763 ਸ਼ਬਦ ਅੰਕਿਤ ਹੋਏ। ਇਸ ਗ੍ਰੰਥ ਦੀ ਜਿਲਦ ਬੰਨ੍ਹਾਉਣ ਦੀ ਸੇਵਾ ਭਾਈ ਬੰਨੋਂ ਜੀ ਦੇ ਹਿੱਸੇ ਆਈ। ਗੁਰੂ ਅਰਜਨ ਦੇ ਹੁਕਮ ਅਨੁਸਾਰ ਉਹ ਪੈਦਲ ਨੰਗੇ ਪੈਰੀਂ ਲਹੌਰ ਲੈ ਗਏ ਤੇ ਕੁਝ ਦਿਨਾਂ ਵਿੱਚ ਜਿਲਦ ਬੰਨ੍ਹਵਾ ਕੇ ਵਾਪਸ ਅੰਮ੍ਰਿਤਸਰ ਮੁੜ ਆਏ। ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਬੰਨੋ ਜੋ ਆਪ ਵੀ ਇੱਕ ਵਿਦਵਾਨ ਤੇ ਧਾਰਮਿਕ ਸਾਹਿਤ ਦਾ ਰਸੀਆ ਸੀ, ਨੇ ਬੜੀ ਹੁਸ਼ਿਆਰੀ ਨਾਲ ਇਸ ਗ੍ਰੰਥ ਦੀ ਇੱਕ ਹੋਰ ਪਰਤੀ ਸੈਂਚੀ ਤਿਆਰ ਕਰ ਲਈ ਸੀ ਜੋ ਅੱਜ ਕੱਲ ਕਰਤਾਰਪੁਰ ਵਿਖੇ ਸਸ਼ੋਭਿਤ ਹੈ ਤੇ ਕਰਤਾਰਪੁਰ ਵਾਲੀ ਬੀੜ ਨਾਲ ਜਾਣੀ ਜਾਂਦੀ ਹੇ।
ਇਸ ਸਮੇਂ ਕੁਝ ਹੋਰ ਕਵੀਆਂ ਨੇ ਆਪਣੇ ਅਸਰ ਰਸੂਖ ਅਤੇ ਧੌਂਸ ਥੱਲੇ ਆਪਣੀਆਂ ਰਚਨਾਵਾਂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰਨ ਲਈ ਸੰਪਾਦਕ ਗੁਰੂ ਅਰਜਨ ਦੇਵ ਤੇ ਜੋਰ ਪਾਇਆ ਪਰ ਅਰਜਨ ਦੇਵ ਨੇ ਅਜੇਹੇ ਹੈਂਕੜ ਭਰੇ ਸੁਨੇਹੇ ਨਜ਼ਰ ਅੰਦਾਜ਼ ਕਰ ਕੇ ਠੁਕਰਾ ਦਿੱਤੇ। ਉਸ ਵੇਲੇ ਦੇ ਮੰਨੇ ਪਰਮੰਨੇ ਸ਼ਾਇਰ ਪੀਲੂ, ਸ਼ਾਹ ਹੁਸੈਨ, ਕਾਹਨਾ, ਛੱਜੂ ਆਦਿ ਭਗਤ ਆਪਣੀਆਂ ਰਚਨਾਵਾਂ ਲੈ ਕੇ ਲਹੌਰ ਤੋਂ ਉਚੇਚੇ ਤੌਰ ਤੇ ਆਪ ਪਹੁੰਚੇ ਪਰ ਉਹਨਾਂ ਦੀ ਰਚਨਾ ਗੁਰੂ ਗ੍ਰੰਥ ਦੀ ਕਸਵੱਟੀ ਤੋਂ ਫ਼ੇਲ੍ਹ ਹੋ ਗਈ। ਇਹਨਾਂ ਦੀਆਂ ਲਿਖੀਆਂ ‘ਅਸਾਂ ਨਾਲੋਂ ਸੋ ਭਲੇ ਜੋ ਜੰਮਦਿਆਂ ਹੀ ਮਰੇ’ ਅਤੇ ‘ਜੋ ਸੁਖ ਛੱਜੂ ਦੇ ਚੁਬਾਰੇ ਉਹ ਨਾ ਬਲਖ਼ ਨਾ ਬੁਖਾਰੇ’ ਆਦਿ ਨੂੰ ਕੱਚੀਆਂ ਗਰਦਾਨ ਕੇ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਤਾਂ ਸ਼ਾਹ ਹੁਸੈਨ ਨੇ ਉਸੇ ਵੇਲੇ ਵਿਅੰਗ ਭਰੇ ਸ਼ਬਦ ਉਚਾਰੇ…’ਚੁੱਪ ਵੇ ਅੜਿਆ ਚੁੱਪ, ਇੱਥੇ ਬੋਲਣ ਦੀ ਨਹੀਂ ਜਾ ਵੇ ਅੜਿਆ।’ ਉਨ੍ਹਾਂ ਨੂੰ ਸੁਯੋਗ ਸੰਪਾਦਕ ਨੇ ਆਪਣਾ ਆਸ਼ਾ ਤੇ ਮਨੋਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਗ੍ਰੰਥ ਵਿੱਚ ਜਾਤਾਂ ਵਰਨਾ ਤੇ ਧਰਮਾਂ ਦੇ ਭੇਦ ਭਾਵ ਤੋਂ ਉਪਰ ਉੱਠ ਕੇ ਸਿਰਫ਼ ਪ੍ਰਮਾਤਮਾ ਦੀ ਮਹਿਮਾ ਦੀ ਗੱਲ ਕਰਦੀ ਬਾਣੀ ਹੀ ਅੰਕਿਤ ਕੀਤੀ ਜਾਣੀ ਹੈ। ਉਹ ਨਰਾਜ਼ ਹੋ ਗਏ। ਸ਼ਾਹ ਹੁਸੈਨ, ਕਾਹਨੇ ਨੇ ਧਮਕੀ ਦਿੱਤੀ ਕਿ ਉਹ ਦਿੱਲੀ ਦਰਬਾਰ ਦੀ ਸਿਫ਼ਾਰਿਸ਼ ਤੇ ਰੋਹਬ ਪੁਆ ਕੇ ਆਪਣੀ ਗੱਲ ਮਨਵਾ ਲੈਣਗੇ ਪਰ ਅਰਜਨ ਦੇਵ ਜੀ ਨੇ ਉਹਨਾਂ ਦੀ ਧਮਕੀ ਠੁਕਰਾ ਦਿੱਤੀ।
ਜਹਾਂਗੀਰ ਦੀ ਆਪਣੀ ਰਚਨਾ ਜੋ ਉਸ ਨੇ ਇਸ ਗਰੰਥ ਵਿੱਚ ਘੁਸ-ਪੈਠ ਕਰਾਉਣ ਦੀ ਕੋਸ਼ਿਸ਼ ਕੀਤੀ, ਵੀ ਨਾਕਾਬਲ ਤੇ ਨਾਮਨਜ਼ੂਰ ਹੋ ਗਈ। ਬਾਅਦ ਵਿੱਚ ਉਸ ਨੇ ‘ਮਿੱਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰ’ ਪੰਗਤੀ ਕੱਢਣ ਲਈ ਦਬਾ ਪਾਇਆ, ਪਰ ਗੁਰੂ ਜੀ ਇਸ ਲਈ ਵੀ ਰਾਜ਼ੀ ਨਾ ਹੋਏ। ਜਹਾਂਗੀਰ ਨੇ ਅਖੀਰਲਾ ਬਚਨ ਮੰਗਿਆ,
‘ਗ੍ਰੰਥ ਵਿੱਚ ਹਜ਼ਰਤ ਮੁਹੰਮਦ ਦੀ ਤਾਰੀਫ਼ ਲਿਖ, ਮੁਸਲਮਾਨ ਬਣ ਜਾਹ , ਜਾਂ ਤਲਵਾਰ ਦਾ ਵਾਰ ਝੱਲਣ ਲਈ ਤਿਆਰ ਹੋ ਜਾਹ।’
ਗੁਰੂ ਅਰਜਨ ਦੇ ਸਾਫ ਇਨਕਾਰ ਦਾ ਨਤੀਜਾ ਹਕੂਮਤ ਨਾਲ ਸਿਰ ਵੱਢਵਾਂ ਵੈਰ ਸ਼ੁਰੂ ਹੋ ਗਿਆ। ਜਹਾਂਗੀਰ ਵਾਸਤੇ ਇਹ ਗੱਲ ਨਾ-ਕਾਬਲੇ ਬਰਦਾਸ਼ਤ ਸੀ ਕਿ ਸਿੱਖ ਧਰਮ ਸੰਸਥਾਤਮਿਕ ਰੂਪ ਵਿੱਚ ਪੂਰੀ ਤਰਾਂ ਸੰਗਠਿਤ ਹੋ ਕੇ ਮੁਗਲਾਂ ਲਈ ਸਿਰਦਰਦੀ ਖੜੀ ਕਰਕੇ ਮੁਕਾਬਲੇ ਵਿੱਚ ਖੜਾ ਹੋ ਜਾਏ। ਬਾਗ਼ੀ ਆਨਾ ਵਿਦਰੋਹ ਤੇ ਹਕੂਮਤ ਨਾਲ ਟੱਕਰ ਦਾ ਫਤਵਾ ਲਗਾ ਕੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ੩੦ ਮਈ ੧੬੦੬ ਈਸਵੀ ਨੂੰ ਲਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗਰੰਥ ਜਿਹੇ ਮਹਾਨ ਸੰਪਾਦਨ ਨੇ ਜਹਾਂਗੀਰ ਦੀ ਅੱਖ ਚੰਭਲਾ ਦਿੱਤੀ। ਉਸ ਨੇ ਇਸ ਨੂੰ ਲੋਕ ਹਿਤ ਦੇ ਖ਼ਿਲਾਫ਼ ਗਰਦਾਨ ਕੇ ਇਸ ਤੇ ਪਾਬੰਦੀ ਲਗਾ ਦਿੱਤੀ ਤੇ ਡੌਂਡੀ ਪਿਟਵਾ ਦਿੱਤੀ ਕਿ ਗਰੰਥ ਦੀਆਂ ਸਾਰੀਆਂ ਜਿਲਦਾਂ ਜ਼ਬਤ ਕਰਕੇ ਸਰਕਾਰੇ ਦਰਬਾਰੇ ਜਮਾਂ ਕਰਾਈਆਂ ਜਾਣ। ਇਸ ਵਾਸਤੇ ਉਸ ਨੇ ਢੇਰ ਸਾਰਾ ਇਨਾਮ ਵੀ ਰੱਖਿਆ। ਜਿੱਥੇ ਕਿਤੇ ਹੋਇਆ, ਮਿਲਿਆ ਸਾਰਾ ਗੁਰਮਤ ਸਾਹਿਤ ਦਰਿਆ ਬੁਰਦ ਕਰ ਦਿਤਾ ਗਿਆ ਜਾ ਨਸ਼ਟ ਕਰ ਦਿੱਤਾ ਗਿਆ।
ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਲੈ ਕੈ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਵਿਚਕਾਰ ਸਿੱਖਾਂ ਨਾਲ ਬੜੇ ਜੁਲਮ ਕਾਣੋਂ ਤੇ ਵਿਤਕਰੇ ਹੋਏ। ਮੁਗਲਾਂ ਤੇ ਸਿੱਖਾਂ ਦੇ ਕਈ ਟਕਰਾਉ ਹੋਏ। ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ। ਘਰ ਬਾਰ ਛੱਡ ਕੇ ਬਹਾਦਰ ਸਿੱਖ ਕੌਮ ਜੰਗਲਾਂ ਵਿੱਚ ਲੁਕਦੀ ਰਹੀ। ਸਭ ਕੁਛ ਖੁਰਦ ਬੁਰਦ ਹੁੰਦਾ ਰਿਹਾ।
ਬਹੁਤ ਸਾਰਾ ਛਪਿਆ ਅਣਛਪਿਆ ਸਾਹਿਤ ਜੋ ਕੁਛ ਬਚਿਆ ਗੁਰੂ ਗੋਬਿੰਦ ਸਿੰਘ ਕੋਲ ਪਹੁੰਚਾ। ਉਹਨਾਂ ਨੂੰ ਪਹਾੜੀ ਰਾਜੇ ਵਫ਼ਾਦਾਰੀ ਦੀਆਂ ਸੋਹਾਂ ਖਾ ਕੇ ਦਗ਼ਾ ਦੇ ਗਏ। ਗੁਰੂ ਜੀ ਨੂੰ ਆਪਣਾ ਘਰ ਬਾਰ ਛੱਡਣਾ ਪਿਆ। ਅਨੰਦਪੁਰ ਛੱਡਣ ਸਮੇਂ, ਪੂਰੀ ਭਾਜੜ ਸਮੇਤ ਉਹ ਕੀਮਤੀ ਵਡਮੁੱਲਾ ਗੁਰਮਤ ਸਾਹਿਤ ਦਾ ਭੰਡਾਰ ਵੀ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਠੰਡ ਠੰਡਾਉੜਾ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੂੰ ਜਦ ਫੁਰਸਤ ਮਿਲੀ, ਉਹਨਾਂ ਤਲਵੰਡੀ ਸਾਬੋ ਵਿੱਚ ਨੌਂ ਮਹੀਨੇ ਨੌਂ ਦਿਨ ਠਹਿਰਾਉ ਕੀਤਾ, ਜਿਸ ਨੂੰ ਹੁਣ ਦਮਦਮਾ ਸਾਹਿਬ ਗੁਰੂ ਦੀ ਕਾਂਸ਼ੀ ਵੀ ਕਿਹਾ ਜਾਂਦਾ ਹੈ, ਵਿਖੇ ਗੁਰਮਤ ਦਰਬਾਰ ਲਗਾਇਆ ਗਿਆ। ਉਥੇ ਆਪਣੇ ਖੋਹੇ ਪਰਵਾਰ ਬਾਰੇ, ਸਾਹਿਬਜ਼ਾਦਿਆਂ ਦੀਆਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਤੇ ਖੱਟੀਆਂ ਗਵਾਈਆਂ ਪੂੰਜੀਆਂ ਦਾ ਲੇਖਾ-ਜੋਖਾ ਕੀਤਾ ਗਿਆ। ਹਾਜਰ ਲੋਕਾਂ ਕੋਲੋਂ ਗੁਰੂ ਗਰੰਥ ਵਿੱਚੋਂ ਜਬਾਨੀ ਕਲਾਮੀ ਯਾਦ ਬਾਣੀ ਸੁਣੀ ਗਈ। ਕਰਤਾਰਪੁਰ ਵਾਲੀ ਬੀੜ ਵੀ ਉਪਲਭਦ ਨਾ ਹੋ ਸਕੀ, ਉਨ੍ਹਾਂ ਨੇ ਇਨਕਾਰ ਕਰ ਦਿੱਤੀ। ਇਸ ਤਰਾਂ ਭੱਟ ਮਰਾਸੀ ਤੇ ਹੋਰ ਨਿੱਤ ਨੇਮੀਏ ਗੁਰਸਿੱਖ ਜੋ ਜਬਾਨੀ ਪਾਠ ਕਰਿਆ ਕਰਦੇ ਸਨ ਦੀ ਮਦਦ ਨਾਲ ਭਾਈ ਮਨੀ ਸਿੰਘ ਕੋਲੋਂ ਦੋਬਾਰਾ ਤਲਵੰਡੀ ਸਾਬੋ ਵਿਖੇ ਨਵੀਂ ਬੀੜ ਲਿਖਵਾਈ ਗਈ ਜਿਸ ਵਿੱਚ ਗੁਰੂ ਤੇਗ ਬਹਾਦਰ ਦੇ ਪੰਜ ਸ਼ਲੋਕ ਤੇ ਉਣਾਹਠ ਸ਼ਬਦ ਬਾਣੀ ਅਖੀਰ ਵਿੱਚ ਅੰਕਿਤ ਕੀਤੇ ਗਏ। ਉਹੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਜ ਵਰਤਮਾਨ ਸਾਨੂੰ ਪ੍ਰਾਪਤ ਹਨ ਤੇ ਇਸ ਨੂੰ ਦਮਦਮੀ ਬੀੜ ਸਾਹਿਬ ਵੀ ਕਿਹਾ ਜਾਂਦਾ ਹੈ ਅਤੇ ਇਹੀ ਰੂਪ ਅੱਜ ਕੱਲ ਸਾਡੇ ਕੋਲ ਮੌਜੂਦ ਹੈ।
ਅਕਬਰ ਦੀ ਧਾਰਮਿਕ ਉਦਾਰਚਿੱਤ ਨੀਤੀ ਤੇ ਦੀਨੇ-ਇਲਾਹੀ ਜਿਹੇ ਮੱਤ ਨਾਲ ਜਿੱਥੇ ਗੈਰ ਮੁਸਲਿਮ ਪੰਥ ਤੇ ਵਿਚਾਰਧਾਰਾ ਵਾਲੇ ਲੋਕਾਂ ਨੂੰ ਜ਼ਬਾਨ ਖੋਲ੍ਹਣ ਦੀ ਫੁਰਸਤ ਮਿਲੀ, ਉਥੇ ਜਹਾਂਗੀਰ ਦੇ ਸ਼ਾਸਨ ਕਾਲ ਸਮੇਂ ਅਜੇਹੀਆਂ ਗੈਰ ਮੁਸਲਿਮ ਸੰਸਥਾਵਾਂ ਨੂੰ ਬੜੇ ਨਫ਼ਰਤ ਤੇ ਸ਼ੱਕ ਭਰੀਆਂ ਨਿਗਾਹਾਂ ਨਾਲ ਕਾਫ਼ਰਾਂ ਵਾਂਗ ਦੇਖਿਆ ਜਾਣ ਲੱਗਾ। ਜਹਾਂਗੀਰ ਆਪ ਬੜਾ ਕੱਟੜ ਮੁਸਲਮਾਨ ਸੀ ਤੇ ਇਹੀ ਕੱਟੜਪੁਣਾ ਉਸ ਦੀ ਧਾਰਮਿਕ ਤੇ ਰਾਜਨੀਤਕ ਪਾਲਿਸੀ ਸੀ। ਸਭ ਧਰਮਾਂ ਨੂੰ ਮੁਸਲਮਾਨ ਬਣਾਉਣ ਲਈ ਉਸ ਨੇ ਆਪਣੇ ਜਾਲ ਵਿਸ਼ਾ ਦਿੱਤੇ। ਗੁਰੂ ਅਰਜਨ ਦੇਵ ਜਿਸ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਦਰਿਆ ਬਿਆਸ ਦੇ ਕੰਢੇ ਗੋਇੰਦਵਾਲ ਵਿਖੇ ਬਣਾ ਲਿਆ ਸੀ, ਬਾਰੇ ਤੁਜ਼ਕੇ ਜਹਾਂਗੀਰ ਵਿੱਚ ਉਹ ਲਿਖਦਾ ਹੈ ਕਿ ਅਰਜਨ ਨਾਮੀ ਹਿੰਦੂ ਨੇ ਦਰਿਆ ਬਿਆਸ ਦੇ ਕੰਢੇ ਆਪਣੀ ਧਰਮ ਦੀ ਦੁਕਾਨ ਚਲਾ ਰੱਖੀ ਹੈ ਤੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਤੇ ਮੂਰਖ ਮੁਸਲਮਾਨਾਂ ਨੂੰ ਗੁਮਰਾਹ ਕਰ ਰਿਹਾ ਹੈ। ਆਪਣੀ ਰਹੁ-ਰੀਤੀ ਦੇ ਅਨੁਆਈ ਬਣਾ ਕੇ ਪੀਰੀ ਤੇ ਵਲੀ ਪੁਣੇ ਦੀ ਡੌਂਡੀ ਪਿਟਵਾਈ ਹੋਈ ਹੈ। ਲੋਕ ਉਸ ਨੂੰ ਗੁਰੂ ਮੰਨਦੇ ਹਨ। ਮੈਂ ਸੋਚਦਾ ਹਾਂ ਉਸ ਦੀ ਦੁਕਾਨ ਨੂੰ ਬੰਦ ਕਰਾ ਦਿਆਂ। ਗੁਰੂ ਅਰਜਨ ਦੇਵ ਦੀ ਅਦੁਤੀ ਲਾਸਾਨੀ ਸ਼ਹੀਦੀ ਇਸੇ ਕੱਟੜਪੁਣੇ ਦੀ ਕੜੀ ਦਾ ਇੱਕ ਹਿੱਸਾ ਸੀ।
ਇਹ ਗੁਰੂ ਗ੍ਰੰਥ ਸਾਹਿਬ ਦੀ ਪਾਣ ਅਤੇ ਅਗਵਾਈ ਦਾ ਹੀ ਸਿੱਟਾ ਹੈ ਕਿ ਦੁਨੀਆ ਦੇ ਵੱਡੇ ਵੱਡੇ ਸੂਰਬੀਰ ਸ਼ਹੀਦ ਜਿੰਨੇ ਸਿੱਖ ਧਰਮ ਵਿੱਚ ਹੋਏ ਹੋਰ ਕਿਸੇ ਵੀ ਮਜ਼੍ਹਬ ਵਿੱਚ ਨਹੀਂ ਹੋਏ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਤੇ ਹੋਰ ਹਜ਼ਾਰਾਂ ਲੱਖਾਂ ਸਿੰਘਾਂ ਦੀਆਂ ਸ਼ਹੀਦੀਆਂ ਗੁਰੂ ਗ੍ਰੰਥ ਸਾਹਿਬ ਦੀ ਪਾਣ ਦੀ ਹੀ ਬਖਸ਼ਿਸ਼ ਹੈ।
ਇਹ ਵੀ ਬੜੀ ਵੱਡੀ ਅਟੱਲ ਇਤਿਹਾਸਿਕ ਤੇ ਧਾਰਮਿਕ ਸਚਾਈ ਹੈ ਕਿ ਜੇ ਉਸ ਸਮੇਂ ਜੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਾ ਹੁੰਦੀ, ਸਿੱਖਾਂ ਨੂੰ ਇਸ ਦੀ ਅਗਵਾਈ ਤੇ ਮਾਰਗ ਦਰਸ਼ਨ ਨਾ ਮਿਲਦਾ ਤਾਂ ਇਸ ਵੇਲੇ ਸਾਰੀ ਦੁਨੀਆ ਸਿੱਖਾਂ ਤੋਂ ਸੱਖਣੀ ਹੁੰਦੀ। ਸਿੱਖਾਂ ਦਾ ਨਾਮ ਨਿਸ਼ਾਨ ਨਾ ਹੁੰਦਾ ਤੇ ਸੁੰਨਤ ਹੁੰਦੀ ਸੱਭਕੀ।
ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼, ਸੁਖ਼-ਆਸਨ, ਪਾਠ, ਅਖੰਡ-ਪਾਠ ਤੇ ਸੇਵਾ ਸੰਭਾਲ ਵਾਸਤੇ ਕੁਛ ਮਾਪ-ਦੰਡ ਮਰਯਾਦਾ ਤੇ ਕਾਇਦੇ ਕਨੂੰਨ ਨਿਰਧਾਰਤ ਕੀਤੇ ਗਏ। ਕੁੱਲ ਦੁਨੀਆ ਨੂੰ ਇੱਕ ਮਣਕੇ ਵਿੱਚ ਪਰੋਣ ਵਾਲੇ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਗਰੰਥ ਸਾਹਿਬ ਦੇ ਕੁਝ ਸਿੱਖ ਅੱਜ ਕੱਲ ਆਪ ਹੀ ਕੁਰਾਹੇ ਪੈ ਗਏ ਨੇ। ਆਪਣੀਆਂ ਆਪਣੀਆਂ ਡਫਲੀਆਂ ਕਲਗੀਆਂ ਕੁਰਸੀਆਂ ਲੈ ਕੇ ਅੱਡੋ ਅੱਡਰੇ ਟੋਲੇ ਸੰਸਥਾਵਾਂ ਬਣਾ ਬੈਠੇ ਹਨ। ਅੰਨ੍ਹੇ ਨੂੰ ਬੋਲਾ ਘੜੀਸ ਰਿਹਾ ਹੈ। ਰਾਧਾ ਸਵਾਮੀ ਨਿਰੰਕਾਰੀ, ਕਬੀਰ ਪੰਥੀਏ, ਰਵਿਦਾਸੀਏ, ਨਾਮਧਾਰੀਏ ਨੂਰਮਹਿਲੀਏ, ਸਰਸਾ ਵਾਲੇ, ਦੇਸੀੇ, ਵਿਦੇਸ਼ੀ, ਤੱਪੜਾਂ ਵਾਲੇ, ਕੁਰਸੀਆਂ ਵਾਲੇ ਤੇ ਕਈ ਹੋਰ ਜਾਤਾਂ, ਕਬੀਲਿਆਂ ਤੇ ਧਰਮਾਂ ਤੇ ਨਾਮ ਦੀਆ ਸੰਸਥਾਵਾਂ ਨੇ ਗੁਰੂ ਗਰੰਥ ਦੀਆਂ ਸਿਖਿਆਵਾਂ ਨੂੰ ਉਪਦੇਸ਼ਣ ਲਈ ਭਿੰਨ ਭਿੰਨ ਤਰੀਕੇ ਤੇ ਰਸਤੇ ਅਪਨਾ ਲਏ ਹਨ।
ਗੁਰੂ ਗਰੰਥ ਸਾਹਿਬ ਦਾ ਇਤਿਹਾਸ ਕਿੰਨੀਆ ਲੰਬੀਆ ਘਾਲਣਾ ਕੁਰਬਾਨੀਆਂ, ਕਰੜੀਆਂ ਪ੍ਰੀਖਿਆਵਾਂ ਤੇ ਸੰਘਰਸ਼ਾਂ ਵਿੱਚੋਂ ਗੁਜਰਿਆ ਹੈ ਤੇ ਅੱਜ ਵੀ ਇਸ ਦੇ ਦੋਖੀ ਤਰ੍ਹਾਂ ਤਰ੍ਹਾ ਦੇ ਬਹਾਨੇ ਬਣਾ ਕੇ ਜਨਤਾ ਨੂੰ ਭੰਬਲਭੁਸੇ ਵਿੱਚ ਪਾਉਣ ਦੀਆਂ ਕੋਝੀਆਂ ਕਾਰਵਾਈਆ ਕਰ ਰਹੇ ਹਨ। ਕਦੇ ਕਿਸੇ ਨਕਲੀ ਬਾਬੇ ਦਾ ਵਾਵੇਲਾ ਕਦੇ ਮਰਿਯਾਦਾ ਦਾ, ਕਦੇ ਕਲੰਡਰ ਦਾ। ਸਿੱਖ ਪੰਥ ਦੇ ਸਿਰ ਇਹ ਝਗੜੇ ਤੇ ਵਿਵਾਦ ਮੁੱਕਣ ਦਾ ਨਾਮ ਨਹੀਂ ਲੈਂਦੇ। ਪੰਜਾਂ ਤਖ਼ਤਾ ਦੀ ਆਪਸ ਵਿੱਚ ਆਪਣੀ ਮਾਣ-ਮਰਿਯਾਦਾ ਤੇ ਰਗ ਨਹੀਂ ਮਿਲਦੀ। ਦਸਮ-ਗ੍ਰੰਥ ਦਾ ਨਵਾਂ ਵਾਵੇਲਾ ਮੱਚਿਆ ਹੋਇਆ ਹੇ। ਆਗੂਆਂ ਨੂੰ ਸਿਆਸਤ ਤੋਂ ਵਿਹਲ ਨਹੀਂ, ਉਹ ਸਿਆਸੀ ਰੋਟੀਆਂ ਸੇਕਣ ਦੀ ਤਾਕ ਵਿੱਚ ਮਨਮਰਜੀ ਨਾਲ ਇਸ ਨੂੰ ਵਰਤ ਰਹੇ ਹਨ। ਗੀਤਾ ਬਾਈਬਲ ਤੇ ਹੋਰ ਧਰਮਾਂ ਦੇ ਪ੍ਰਚਾਰਕ ਆਪਣੀਆਂ ਧਾਰਮਿਕ ਪੋਥੀਆਂ ਨੂੰ ਹਰ ਘਰ, ਹਰ ਦੁਕਾਨ, ਹਰ ਜਗ੍ਹਾ ਪਹੁੰਚਾਉਣ ਦਾ ਉਪਰਾਲਾ ਕਰਦੇ ਹਨ ਪਰ ਸਾਡੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਨੂੰ ਅੰਦਰ ਬੰਦ ਕਰ ਕੇ ਰੱਖਣਾ ਚਾਹੁੰਦੇ ਹਨ। ਦੇਸ਼ ਵਿਦੇਸ਼ ਦੇ ਸ਼੍ਰਧਾਲੂ ਗੁਰੁ ਗ੍ਰੰਥ ਨੂੰ ਲੈਣ/ ਘਰ ਰੱਖਣ ਲਈ ਦਰਸ ਦੀਦਾਰ ਲਈ ਤਰਸ ਰਹੇ ਹਨ ਪਰ ਇਹ ਰੋਕ ਕੇ ਢੁਚਰਾਂ ਡਾਹੁਣ ਦੀ ਸਿਆਸਤ ਖੇਡ ਕੇ ਗੁਰੁ ਗ੍ਰੰਥ ਸਾਹਿਬ ਦਾ ਪਾਸਾਰ ਰੋਕ ਰਹੇ ਹਨ।
ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਆਦੇਸ਼ ਸਮਾਜ ਵਿਚਲੀਆਂ ਬੁਰਾਈਆਂ, ਵਿਤਕਰੇ, ਤਾਨਾਸ਼ਾਹੀ ਧਿੰਗੋਜ਼ੋਰੀਆ ਦਾ ਪੜਦਾ ਫਾਸ਼ ਕਰਕੇ ਲੋਕਾਈ ਨੂੰ ਸੱਚ ਦੇ ਸੂਰਜ ਤੱਕ ਪਹੁੰਚਾਉਣਾ ਹੈ। ਸ਼ਬਦ ਦੀ ਘੋਖ ਤੇ ਸੂਝ ਹੀ ਇਸ ਤਰਕ ਤੇ ਪੁਰੀ ਉੱਤਰ ਸਕਦੀ ਹੈ। ਅੰਨ੍ਹੇ-ਵਾਹ ਲਕੀਰ ਦੇ ਫਕੀਰ ਬਣ ਕੇ ਮੱਥੇ ਟੇਕਣ ਨਾਲ ਇਹ ਆਸ਼ੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਵਿਚਲੀ ਜੀਵਨ ਦਰਸ਼ਨ ਤੇ ਜੀਵਨ ਜਾਚ ਅਪਨਾਉਣ ਦੀ ਬਿਜਾਏ ਕੁਝ ਗੁਮਰਾਹੀਏ ਬ੍ਰਾਹਮਣੀ ਸੋਚ ਵਾਲੇ ਲੋਕ ਇਸ ਨੂੰ ਮੰਨਤਾ ਮੰਨਣ ਵਾਲੀ ਕਰਾਮਾਤ ਤੱਕ ਹੀ ਮਹਿਦੂਦ ਕਰ ਕੇ ਰੱਖ ਦਿੱਤਾ ਹੈ। ਜੋ ਲੋਕ ਵੱਧ ਤੋਂ ਵੱਧ ਚੜ੍ਹਾਵੇ ਚੜ੍ਹਾ ਕੇ ਮੱਥੇ ਰਗੜ ਕੇ ਚੰਗੀ ਨੌਕਰੀ, ਅਮਰੀਕਨ/ਵਿਦੇਸ਼ੀ ਵੀਜ਼ੇ, ਪਿਆਰ ਦੀ ਤ੍ਰਿਪਤੀ, ਲੜਕੇ ਲੜਕੀ ਲਈ ਚੰਗਾ ਵਰ ਮੰਗਦੇ ਹਨ ਉਹਨਾਂ ਨੂੰ ਸਹੀ ਸੇਧ ਇਸ ਵਿਚਲੇ ਅਰਥ ਹੀ ਦੇ ਸਕਦੇ ਹਨ। ਗਿਆਨ ਦੇ ਗਲ ਰੱਸਾ ਪਾ ਕੇ ਸਿਆਸੀ ਆਗੁ ਤੇ ਸੰਸਥਾਵਾ ਵੀ ਪਿੱਛੇ ਨਹੀਂ, ਉਹ ਆਪਣੇ ਆਪਣੇ ਦਾਰਸ਼ਨਿਕ ਅਕੀਦੇ ਨਾਲ ਅਰਥਾ ਨੂੰ ਤਰੋੜ ਮਰੋੜ ਕੇ ਅਨਰਥ ਕਰ ਰਹੇ ਹਨ। ਸ਼ਰਧਾ ਸੇਵਾ ਨਾਲ ਕਰਵਾਇਆ ਤਾਂ ਇੱਕ ਅਖੰਡਪਾਠ ਹੀ ਕਈ ਜਨਮ-ਜਨਮਾਂਤਰਾ ਦੇ ਪਾਪ ਕਸ਼ਟ ਨਵਿਰਤ ਕਰ ਦਿੰਦਾ ਹੇ, ਮਨਾਂ ਵਿੱਚੋਂ ਅੰਧ-ਵਿਸ਼ਵਾਸ਼ ਦੇ ਅੰਧੇਰੇ ਦੂਰ ਕਰ ਦਿੰਦਾ ਹੇ। ਹੁਣ ਦੜਾ ਅਖੰਡਪਾਠਾਂ ਦਾ ਰਿਵਾਜ ਸ਼ੁਰੂ ਹੋ ਗਿਆ ਹੈ, ਇੱਕੇ ਵਾਰੀਂ ਪੰਜ, ਦਸ, ਗਿਆਰਾਂ ਇੱਕੀ, ਇਕੱਤੀ ਤੇ ਆਉਣ ਵਾਲੇ ਸਮੇ ਵਿੱਚ ਇਹ ਗਿਣਤੀ 365 ਯਾਨੀ ਕਿ ਸਾਲ ਦੇ ਦਿਨਾਂ ਜਿੰਨੀ ਪਹੁੰਚ ਜਾਵੇ ਗੀ। ਬਾਣੀ ਸੁਣ ਕੇ ਨਹੀਂ ਆਖੰਡਪਾਠ ਕਰਵਾ ਕੇ ਇਸ ਦੀ ਭੇਟਾ ਦੇ ਕੇ ਹੀ ਜੀਵਨ ਸਫਲਾ ਸਮਝਣ ਦਾ ਰੁਝਾਨ ਵਧ ਰਿਹਾ ਹੈ ਜੋ ਬਹੁਤ ਹੀ ਘਾਤਕ ਤੇ ਨੁਕਸਾਨ-ਦੇਹ ਹੈ।
ਗੁਰੂ ਅਰਜਨ ਦੇਵ ਜੀ ਨੇ ਕਿੰਨੀਆਂ ਘਾਲਣਾਂ ਘਾਲ ਕੇ ਅੱਡੋ ਅੱਡਰੇ ਮੱਤਾਂ ਦੀਆਂ ਪੋਥੀਆਂ, ਖਿੱਲਰੇ ਪੱਤਰੇ ਤੇ ਤੁਕਾਂ ਇੱਕ ਥਾਂ ਤਰਤੀਬਵਾਰ ਇਕੱਠੀਆਂ ਕੀਤੀਆਂ, ਉਹਨਾਂ ਨੂੰ ਇਹ ਲੋਕ ਫੇਰ ਅੱਡੋ ਅੱਡ ਪੋਥੀਆਂ ਵਿੱਚ ਵੰਡਣ ਦੀ ਤਾਕ ਵਿੱਚ ਹਨ। ਦੇਹਧਾਰੀ ਗੁਰੂਆਂ ਦੀ ਪ੍ਰਥਾ ਫਿਰ ਸ਼ੁਰੂ ਹੋ ਗਈ ਹੈ ਜੋ ਗੁਰੂ ਗਰੰਥ ਜਿਹੀ ਮਹਾਨ ਆਤਮਿਕ ਸੰਸਥਾ ਦੇ ਉਦੇਸ਼ਾਂ ਦੀ ਉਲੰਘਣਾ ਹੈ। ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਕਾਇਮ ਹੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਬਹੁਤੇ ਅਹੁਦੇਦਾਰ ਤੇ ਮੈਂਬਰ ਜਿਨ੍ਹਾਂ ਨੇ ਹੋਰਾਂ ਵਾਸਤੇ ਆਦਰਸ਼/ ਚਾਨਣ ਮੁਨਾਰਾ ਬਣਨਾ ਹੈ, ਵੀ ਦਰਸਾਈ ਹੋਈ ਰਹਿਤ ਮਰਯਾਦਾ ਦੀ ਪਾਬੰਦੀ ਅਤੇ ਕਹਿਣੀ ਤੇ ਕਥਨੀ ਦੇ ਪੂਰੇ ਨਹੀਂ, ਜੋ ਬੜਾ ਵੱਡਾ ਖਤਰਨਾਕ ਰੁਝਾਨ ਹੈ।
ਔਰਨ ਕਹਾ ਉਪਦੇਸਤ ਹੈ ਪਸ਼ੂ ਤੋਹਿ ਪ੍ਰਬੋਧ ਨਾ ਲਾਗੈ।
ਗੁਰੂ ਨਾਨਕ ਦੇ ਉਪਾਸ਼ਕ ਤੇ ਨਾਨਕ ਨਾਮ ਲੇਵਾ ਹਿੰਦੂ ਮੁਸਲਿਮ ਈਸਾਈ ਸਿੱਖ ਤੇ ਹੋਰ ਸ਼ਰਧਾਲੂ ਦੁਨੀਆ ਦੇ ਹਰ ਛੋਟੇ ਵੱਡੇ ਦੇਸ਼ਾਂ ਵਿੱਚ ਬੜਾ ਖੁਸ਼ਹਾਲ ਜੀਵਨ ਬਸਰ ਕਰ ਰਹੇ ਹਨ, ਚੰਗਾ ਨਾਮਨਾ ਖੱਟ ਰਹੇ ਹਨ ਤੇ ਇਹ ਉਸ ਅਕਾਲ ਪੁਰਖ, ਚਾਨਣ ਮੁਨਾਰਾ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਦੀ ਮਹਾਨ ਬਖਸ਼ਿਸ਼ ਸਦਕਾ ਹੀ ਸੰਭਵ ਹੋਇਆ ਹੈ।
ਉੱਪਰ ਲਿਖੇ ਮੇਰੇ ਤੁੱਛ ਜਿਹੇ ਸ਼ਰਧਾ ਦੇ ਸ਼ਬਦ ਫੁੱਲ ਸਮਰਪਿਤ ਕਰਦਿਆਂ ਲਗਾਂ ਮਾਤਰਾਂ ਦੀਆਂ ਭੁੱਲਾਂ ਦਾ ਬਖਸਣਹਾਰ ਹਾਂ ਤੇ ਹੇਠ ਲਿਖੀਆਂ ਪੰਗਤੀਆਂ ਵਿੱਚ ਅਕਾਲ ਪੁਰਖ ਨੂੰ ਜੋਦੜੀ ਬੇਨਤੀ ਕਰਦਾ ਖਿਮਾ ਦਾ ਜਾਚਕ ਹਾਂ।
ਵਾਂਗ ਯਤੀਮਾਂ ਹੋ ਗਿਐ, ਤੇਰਾ ਪੰਥ ਪਿਆਰਾ ਦਰਦੀਆ।
ਇਹ ਭੁਰਦਾ ਮਹਿਲ ਜੋ ਧਰਮ ਦਾ, ਆ ਦੇਹ ਸਹਾਰਾ ਦਰਦੀਆ।
ਤੇਰੇ ਸਿੱਖ ਕੁਰਾਹੇ ਪੈ ਗਏ, ਆ ਕੇ ਫੇਰ ਬੇਦਾਵਾ ਪਾੜ।
ਬੇਮੁੱਖ ਹੋ ਰਹੇ ਅਕਾਲ ਪੁਰਖ ਤੋਂ ਹੋ ਰਹੇ ਨੇ ਪਾਟੋ- ਧਾੜ।
ਸੁਮੱਤ ਬਖਸ ਇਹਨਾਂ ਲੀਡਰਾਂ, ਛੱਡ ਦੇਣ ਇਹ ਵੰਡਾਂ ਸਾਰੀਆਂ।
ਨਿਕਲ ਜਾਏ ਬੇੜੀ ਮੰਝਧਾਰ ਤੋਂ, ਪੰਨੂ ਮਿਲ ਜਾਣ ਫਿਰ ਸਰਦਾਰੀਆਂ।
ਚਰਨਜੀਤ ਸਿੰਘ ਪੰਨੂ ਸੈਨਹੋਜ਼ੇ, ਕੈਲੀਫੋਰਨੀਆ
ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਓ ਪੜਦੇ ਹਾ ਜੀ ,,???????
(ਇਸ ਨੂੰ ਜਰੂਰ ਪੜਿਓ ਜੀ ,,, )
ਇੱਕ ਅਮਰੀਕਨ ਬਜੁਰਗ ਸਿੱਖ ਇਸ੍ਟਰ੍ਨ ਕੇੰਟੁਕੀ ਵਿੱਚ ਆਪਣੇ ਛੋਟੇ ਪੋਤੇ ਨਾਲ ਰਹਿੰਦਾ ਸੀ ਅਤੇ
ਉਸਦਾ ਪੋਤਾ ਆਪਣੇ ਦਾਦਾ ਜੀ ਵਾਂਗ ਹੀ ਬਣਨਾ ਚਾਹੁੰਦਾ ਸੀ ਅਤੇ ਓਹਨਾ ਦੇ ਹਰ ਕੰਮ ਨੂੰ ਓਹਨਾ ਵਾਂਗ
ਹੀ ਕਰਨ ਦੀ ਕੋਸ਼ਿਸ਼ ਕਰਦਾ ਸੀ |
ਇੱਕ ਦਿਨ ਪੋਤਾ ਆਪਣੇ ਦਾਦਾ ਜੀ ਨੂੰ ਪੁਛਣ ਲੱਗਾ ,,” ਦਾਦਾ ਜੀ ਮੈਂ ਤੁਹਾਡੇ ਵਾਂਗ ਸ਼੍ਰੀ
ਗੁਰੂ ਗਰੰਥ ਸਾਹਿਬ ਜੀ ਨੂੰ ਪੜਣ ਦੀ ਕੋਸ਼ਿਸ਼ ਕਰਦਾ ਹਾ, ਪਰ ਮੈਨੂੰ ਕੁਝ ਵੀ ਸਮਝ ਨਹੀ ਪੈਂਦਾ ਤੇ
ਜੋ ਸਮਝ ਪੈਂਦਾ ਹੈ ਓਹ ਵੀ ਮੈਨੂੰ ਭੁੱਲ ਜਾਂਦਾ ਆ, ਜਦ ਮੈਂ ਪੜਨਾ ਬੰਦ ਕਰ ਦਿੰਦਾ ਹਾ ਜੀ ,,ਇਸ
ਤਰਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਣ ਨਾਲ ਕੀ ਹੁੰਦਾ ਹੈ ਜੀ ,,ਜਦ ਕੁਝ ਵੀ ਯਾਦ ਨਹੀ ਰਹਿੰਦਾ ਜੀ
,,
ਤਦ ਦਾਦਾ ਜੀ ਨੇ ਇੱਕ ਕੋਲਿਆ ਨਾਲ ਭਰੀ ਟੋਕਰੀ ਖਾਲੀ ਕਰਕੇ ਆਪਣੇ ਪੋਤੇ ਨੂੰ ਦਿਤੀ ਤੇ ਕਿਹਾ
ਕੇ ” ਜਾਓ ਇਹ ਟੋਕਰੀ ਉਸ ਨਦੀ ਤੇ ਲੈ ਜਾਓ ਤੇ ਇਸ ਵਿੱਚ ਪਾਣੀ ਭਰ ਕੇ ਲੈ ਕੇ ਆਓ ,,,,,ਉਸ ਮੁੰਡੇ
ਨੇ ਉਸੇ ਤਰਾ ਹੀ ਕੀਤਾ ਜਿਵੇ ਉਸਨੂੰ ਕਿਹਾ ਗਿਆ ਸੀ ,,,,ਪਰ ਘਰ ਤੱਕ ਪਹੁੰਚਦੇ ਪਹੁੰਚਦੇ ਸਾਰਾ
ਪਾਣੀ ਡੁੱਲ ਗਿਆ ਸੀ ਕਿਓ ਕੇ ਟੋਕਰੀ ਵਿੱਚ ਛੇਕ ਸੀ ,ਸੋ ਸਾਰਾ ਪਾਣੀ ਓਹਨਾ ਰਾਹੀ ਨਿਕਲ ਗਿਆ ਤੇ ਉਸ
ਕੋਲ ਖਾਲੀ ਟੋਕਰੀ ਹੀ ਰਹਿ ਗਈ ,,
ਉਸਦੇ ਦਾਦਾ ਜੀ ਮੁਸਕਰਾਏ ਤੇ ਕਹਿਣ ਲਗੇ ” ਤੇਨੂੰ ਜਲਦੀ ਨਾਲ ਵਾਪਿਸ ਆਉਣਾ ਚਾਹਿਦਾ ਹੈ ਤਾ
ਕੇ ਟੋਕਰੀ ਵਿੱਚ ਪਾਣੀ ਬਚ ਸਕੇ ,,,,
ਤੇ ਇਸ ਸਮੇ ਮੁੰਡੇ ਨੇ ਜਲਦੀ ਜਲਦੀ ਦੋੜ ਕੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ,,ਪਰ ਫਿਰ ਆਉਂਦੇ
ਆਉਂਦੇ ਟੋਕਰੀ ਖਾਲੀ ਹੋ ਗਈ ,,,ਸਾਰਾ ਪਾਣੀ ਫਿਰ ਡੁੱਲ ਗਿਆ ,,,ਓਹਨੂੰ ਸਾਹ ਚੜ ਗਿਆ ਸੀ ,ਤੇ ਓਹ
ਆਣ ਕੇ ਆਪਣੇ ਦਾਦਾ ਜੀ ਨੂੰ ਕਹਿਣ ਲਗਾ ਕੇ ਦਾਦਾ ਜੀ ਇਸ ਤਰਾ ਟੋਕਰੀ ਵਿੱਚ ਪਾਣੀ ਭਰ ਕੇ ਲਿਆਉਣਾ
ਨਾ-ਮੁਮਕਿਨ (ਮੁਸ਼ਕਿਲ) ਹੈ ਜੀ ,,ਪਰ ਮੈਂ ਬਾਲ੍ਟੀ ਵਿੱਚ ਪਾਣੀ ਲੈ ਕੇ ਆ ਸਕਦਾ ਹੈ ਜੀ ,,
ਉਸਦੇ ਦਾਦਾ ਜੀ ਕਹਿੰਦੇ ,” ਮੈਨੂੰ ਬਾਲ੍ਟੀ ਵਿੱਚ ਪਾਣੀ ਨਹੀ ਚਾਹਿਦਾ ,ਮੈਨੂੰ ਤਾ ਟੋਕਰੀ
ਵਿੱਚ ਹੀ ਚਾਹਿਦਾ ਹੈ ,ਤੂੰ ਸਹੀ ਤਰਾ ਕੋਸ਼ਿਸ਼ ਨਹੀ ਕਰਦਾ ਤੇ ਓਹ ਬਾਹਰ ਦਰਵਾਜੇ ਕੋਲ ਖੜ ਕੇ,,,
ਜਾਦੇ ਹੋਏ ਮੁੰਡੇ ਵੱਲ ਦੇਖਣ ਲੱਗ ਗਏ ,
ਹੁਣ ਮੁੰਡੇ ਨੂੰ ਪਤਾ ਸੀ ਕੇ ਇਹ ਨਾ-ਮੁਮਕਿਨ ਹੈ ਪਰ ਓਹ ਆਪਣੇ ਦਾਦਾ ਜੀ ਨੂੰ ਇਹ ਦਿਖਾਉਣਾ
ਚਾਹੁੰਦਾ ਸੀ ਕੇ ਓਹ ਜਿਨੀ ਮਰਜ਼ੀ ਕਾਹਲੀ ਕਰ ਲਵੇ ਪਰ ਪਾਣੀ ਲੀਕ ਹੋ ਹੀ ਜਾਣਾ ਹੈ ,,
ਉਸ ਮੁੰਡੇ ਨੇ ਟੋਕਰੀ ਪਾਣੀ ਦੀ ਭਰੀ ਤੇ ਤੇਜੀ ਨਾਲ ਘਰ ਵੱਲ ਆਇਆ ,ਪਰ ਜਦ ਓਹ ਆਪਣੇ ਦਾਦਾ
ਜੀ ਕੋਲ ਪਹੁੰਚਿਆ ,,ਟੋਕਰੀ ਫਿਰ ਖਾਲੀ ਹੋ ਗਈ ਸੀ ,,
ਉਸਨੇ ਕਿਹਾ ਦਾਦਾ ਜੀ ” ਤੁਸੀਂ ਦੇਖਿਆ ਇਹ ਨਹੀ ਹੋ ਸਕਦਾ,,
ਉਸਦੇ ਦਾਦਾ ਜੀ ਕਹਿੰਦੇ ਕੇ ਤੁਸੀਂ ਸੋਚਦੇ ਹੋ ਕੇ ਇਹ ਮਿਹਨਤ ਬੇਕਾਰ ਹੈ ,,ਪਰ ਇਸ ਟੋਕਰੀ
ਨੂੰ ਧਿਆਨ ਨਾਲ ਦੇਖੋ ,,ਮੁੰਡੇ ਨੇ ਟੋਕਰੀ ਵੱਲ ਦੇਖਿਆ ਤੇ ਮਹਿਸੂਸ ਕੀਤਾ ਕੇ ਇਹ ਟੋਕਰੀ ਪਹਿਲਾ
ਵਾਲੀ ਟੋਕਰੀ ਨਾਲੋ ਵੱਖਰੀ ਦਿਸਦੀ ਸੀ ..ਇਹ ਇੱਕ ਕਾਲੀ ਕੋਲਿਆ ਵਾਲੀ ਟੋਕਰੀ ਤੋ ਬਦਲ ਕੇ ਇੱਕ ਸਾਫ਼
ਟੋਕਰੀ ਲੱਗ ਰਹੀ ਸੀ ,ਤਾਂ ਦਾਦਾ ਜੀ ਆਪਣੇ ਪੋਤੇ ਨੂੰ ਦਸਣ ਲੱਗ ਗਏ ਕੇ ਇਹੀ ਹੁੰਦਾ ਹੈ ਜਦ ਆਪਾ
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਦੇ ਹਾ …ਭਾਵੇ ਆਪਾ ਨੂੰ ਕੁਝ ਸਮਝ ਪਵੇ ਜਾ ਨਾ ,ਭਾਵੇ ਕੁਝ ਯਾਦ
ਰਹੇ ਜਾ ਨਾ ,,ਪਰ ਇਹ ਸਾਨੂੰ ਅੰਦਰੋ ਬਾਹਰੋ ਪਵਿਤਰ ਕਰ ਦਿੰਦੀ ਹੈ ,,,ਸਾਡੀ ਸੋਚ ਨੂੰ ਸਾਫ਼ ਕਰ
ਦਿੰਦੀ ਹੈ, ਤੇ ਅਸੀਂ ਚੰਗੀ ਸੋਚ ਦੇ ਧਾਰਨੀ ਬਣ ਕੇ ਚੰਗੇ ਕੰਮ ਕਰਦੇ ਹਾ ,,,,ਇਹੀ ਮੇਹਰ ਹੈ ਉਸ
ਵਾਹਿਗੁਰੂ ਜੀ ਦੀ ,,,,,,ਸੋ ਗੁਰੂਆਂ ਜੀ ਦੀ ਬਾਣੀ ਨੂੰ ਆਪਣੀ ਜਿੰਦਗੀ ਵਿੱਚ ਅਪਣਾਓ ,ਤੇ ਓਹਨਾ ਦਾ
ਆਸ਼ੀਰਵਾਦ ਪ੍ਰਾਪਤ ਕਰੋ ਜੀ ,,ਵਾਹਿਗੁਰੂ ਜੀਓ ,,ਵਾਹਿਗੁਰੂ ਜੀ ਕਾ ਖਾਲਸਾ ,,ਵਾਹਿਗੁਰੂ ਜੀ ਕੀ
ਫਤਿਹ ਜੀ ,
______