ਗੁਰੂ ਅਰਜਨ ਦੇਵ
ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ। ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।
ਸ੍ਰੀ ਗੁਰੂ ਅਮਰਦਾਸ ਜੀ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।
ਫਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1577 ਵਿਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿਚ ਚੱਕ ਰਾਮਦਾਸ ਪੈ ਗਿਆ। ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤ ਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ।
ਵਿਆਹ,ਪੁੱਤਰ ਦੀ ਦਾਤ ਤੇ ਗੁਰਿਆਈ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ।ਜਦ ਮਾਤਾ ਗੰਗਾ ਜੀ ਮਨ ਵਿਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਬਾਬਾ ਬੁੱਢਾ ਜੀ ਲਈ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ,ਬੀੜ ਸਾਹਿਬ ਪੁੱਜੇ ਤਾਂ ਪਰਸ਼ਾਦ ਛਕਣ ਲਗਿਆਂ ਪ੍ਰਸੰਨ ਚਿਤ ਮੁਦਰਾ ਵਿਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਧਾ ਪੁੱਤਰ ਦਾ ਜਨਮ ਹੋਇਆ।
ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।
ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸਥਾਪਨਾ
ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈ. ਵਿਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ?
1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿਚ ਗਏ। ਤਰਨ ਤਾਰਨ ਵਿਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿਚ ਬਦਲ ਕੇ ਕੋਹੜਿਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ।
1593 ਵਿਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ’ਤੇ ਖੂਹ ਲਗਵਾਇਆ। 1594 ਈ. ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ।
ਲਾਹੌਰ ਵਿਚ ਕਾਲ ਤੇ ਸਮਰਾਟ ਅਕਬਰ ਨਾਲ ਮਿਲਾਪ
ਲਾਹੌਰ ਵਿਚ ਭੁੱਖਮਰੀ ਅਤੇ ਕਾਲ ਪੈ ਜਾਣ ਕਾਰਨ ਸੰਨ 1597 ਵਿਚ ਗੁਰੂ ਜੀ ਨੇ ਲਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਜ਼ਾਰ ਵਿਚ ਬਾਉਲੀ ਬਣਵਾਈ। ਲੰਗਰ ਲਗਵਾਏ, ਦਵਾ ਦਾ੍ਰੂ ਦਾ ਇੰਤਜ਼ਾਮ ਕੀਤਾ।
1598 ਵਿਚ ਹੀ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ ।ਉਸ ਨੇ ਗੁਰੂ ਜੀ ਵਲੌਂ ਲਾਹੌਰ ਕਾਲ ਸਮੇਂ ਪੀੜਤ ਲੋਕਾਂ ਦੀ ਸੇਵਾ ਲਈ ਸ਼ੁਕਰਾਨਾ ਕੀਤਾ ।ਗੁਰੂ ਜੀ ਦੀ ਅਜ਼ੀਮ ਸ਼ਕਸੀਅਤ ਤੇ ਲੰਗਰ ਪ੍ਰਥਾ ਤੌਂ ਪ੍ਰਭਾਵਿਤ ਹੋ ਕੇ ਲੰਗਰ ਦੇ ਨਾਂ ਜਗੀਰ ਲਾਉਣ ਦੀ ਪੇਸ਼ਕਸ਼ ਕੀਤੀ । ਪਰ ਗੁਰੂ ਜੀ ਨੇ ਜਗੀਰ ਤੌਂ ਇਨਕਾਰ ਕਰ ਦਿੱਤਾ ਲੇਕਿਨ ਬਾਦਸ਼ਾਹ ਨੂੰ ਇਸ ਇਲਾਕੇ ਵਿਚੌਂ ਸ਼ਾਹੀ ਫੌਜਾਂ ਦੇ ਰਹਿਣ ਤੇ ਕੂਚ ਕਰਣ ਕਰਕੇ ਹੋਏ ਨੁਕਸਾਨ ਕਾਰਨ ਲਗਾਨ ਮਾਫ ਕਰਣ ਲਈ ਅਕਬਰ ਬਾਦਸ਼ਾਹ ਨੂੰ ਰਾਜ਼ੀ ਕਰ ਲੀਤਾ।ਸੰਨ 1599 ਈ. ਵਿਚ ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢਣ ਲਈ ਧਰਮ ਪ੍ਰਚਾਰ ਹਿਤ ਆਪ ਜੀ, ਡੇਰਾ ਬਾਬਾ ਨਾਨਕ, ਕਰਤਾਰਪੁਰ (ਰਾਵੀ ਵਾਲੇ) ਕਲਾਨੌਰ ਦੇ ਪ੍ਰਚਾਰ ਦੌਰੇ ਤੋਂ ਬਾਰਠ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ। ਇਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ।
ਗੁਰੂ ਗਰੰਥ ਸਾਹਿਬ ਦਾ ਸੰਪਾਦਨ
ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ।
ਗੁਰੂ ਅਰਜਨ ਦੇਵ ਦੀ ਸ਼ਹਾਦਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰੇ ਭਾਣੇ ਵਿਚ ਅੰਮ੍ਰਿਤ ਵਸੇ’ ਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿਚ ਹੈ-
ਉਮਦਤ ਤਵਾਰੀਕ ਦਾ ਲਿਖਾਰੀ ਲਿਖਦਾ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ। ਢਾਡੀ ਗੁਰਦਿਆਲ ਸਿੰਘ ਲੱਖਪੁਰ ਦੇ ਧੰਨਵਾਦਸਹਿਤ ਗੁਰਮਤ ਪ੍ਰਕਾਸ਼ ਵਿਚੌਂ
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ੫ਵੇ ਗੁਰੂ ਸਨ. ਸਾਡੇ ਦੇਸ਼ ਪੰਜਾਬ ਦੀ ਧਰਤੀ ਤੇ ਬੇਸ਼ੁਮਾਰ ਕੁਰਬਾਨੀਆਂ ਤੇ ਸ਼ਹੀਦੀਆਂ ਹੋਈਆਂ। ਕੌਮ ਦੀਆਂ ਨੀਹਾਂ ਪੱਕੀਆਂ ਕਰਨ ਲਈ, ਜ਼ੰਜੀਰਾਂ ਵਿਚ ਜਕੜੇ ਦੇਸ਼ ਦੀ ਖ਼ਾਤਰ, ਦੁਖੀਆਂ, ਮਜ਼ਲੂਮਾਂ ਦੇ ਹੰਝੂਆਂ ਨੂੰ ਠੰਡਾ ਕਰਨ ਲਈ, ਆਰਿਆਂ ਦੇ ਦੰਦਿਆਂ ਨੂੰ ਮੋੜਨ, ਰੰਬੀਆਂ ਨੂੰ ਖੁੰਢੇ ਕਰਨ ਅਤੇ ਫਾਂਸੀ ਦੇ ਤਖ਼ਤਿਆਂ ਨੂੰ ਚਕਨਾਚੂਰ ਕਰਨ ਲਈ ਪਾਤਰਾਂ ਨੇ ਆਪਣੇ-ਆਪਣੇ ਪਾਰਟਾਂ ਨੂੰ ਸਮੇਂ ਸਿਰ ਅਦਾ ਕੀਤਾ।
ਆਖਰ ਜੇ ਗਹੁ ਨਾਲ ਸੋਚਿਆ ਜਾਏ ਕਿ ਇਸ ਦਾ ਬਾਨੀ ਹੈ ਕੌਣ, ਜਿਸ ਨੇ ਪਰਵਾਨੇ ਨੂੰ ਸ਼ਮ੍ਹਾਂ ਤੋਂ ਕੁਰਬਾਨ ਹੋਣ ਦੀ ਜਾਚ ਦੱਸੀ, ਜਿਸ ਨੇ ਫਾਂਸੀ ਦੇ ਤਖ਼ਤੇ ਉੱਤੇ ਖੁਸ਼ੀ ਦੇ ਗੀਤ ਗਾਉਂਦੇ ਹੋਏ ਝੂਲਣਾ ਸਿਖਾਇਆ, ਤਾਂ ਉਹ ਸਨ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ। ਸ਼ਹੀਦ ਸਭ ਕੌਮਾਂ ਵਿਚ ਹੁੰਦੇ ਆਏ ਹਨ ਤੇ ਕੋਈ ਕੌਮ ਵੀ ਆਪਣੇ ਆਦਰਸ਼ ਵਿਚ ਸ਼ਹੀਦੀ ਕਰਤੱਵਾਂ ਦਾ ਦਿਖਾਵਾ ਕੀਤੇ ਬਿਨਾਂ ਵਧ-ਫੁੱਲ ਨਹੀਂ ਸਕਦੀ। ਕਿਸੇ ਸ਼ਾਇਰ ਦਾ ਕਥਨ ਹੈ:
“ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ।
ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।”
ਜਦੋਂ ਸ਼ਹੀਦਾਂ ਦਾ ਖੂਨ ਡੁੱਲ੍ਹਦਾ ਹੈ ਤਾਂ ਕੌਮਾਂ ਬਲਵਾਨ ਬਣਦੀਆਂ ਹਨ। ਸ਼ਹੀਦ ਸਦਾ ਜੀਊਂਦੇ ਹਨ। ਕਿਸੇ ਸ਼ਾਇਰ ਨੇ ਕਿਤਨਾ ਸੁੰਦਰ ਕਿਹਾ ਹੈ:
“ਸ਼ਹੀਦ ਕੀ ਜੋ ਮੌਤ ਹੈ, ਵੁਹ ਕੌਮ ਕੀ ਹਯਾਤ ਹੈ। ਹਯਾਤ ਤੋ ਹਯਾਤ ਯਹਾਂ ਮੌਤ ਭੀ ਹਯਾਤ ਹੈ।”
ਬਾਹਰੀ ਨਜ਼ਰਾਂ ਨਾਲ ਵੇਖਣ ਵਾਲੇ ਕਹਿੰਦੇ ਹਨ ਕਿ ਸ਼ਹੀਦ ਸਦਾ ਦੀ ਨੀਂਦੇ ਸੌਂ ਗਿਆ, ਉਸ ਨੂੰ ਇਸ ਦਾ ਕੀ ਲਾਭ ਹੋਇਆ? ਉਹ ਉਸ ਦੀ ਪੁਰ-ਦਰਦ ਮੌਤ ਤੇ ਅੱਥਰੂ ਵਗਾਣ ਲੱਗ ਪੈਂਦੇ ਹਨ। ਪਰ ਜਿਨ੍ਹਾਂ ਨੂੰ ਆਤਮ-ਗਿਆਨ ਹੁੰਦਾ ਹੈ, ਉਹ ਕਹਿੰਦੇ ਹਨ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਅੰਗ 1365)
ਲੋਕਾਂ ਦੀਆਂ ਨਜ਼ਰਾਂ ਵਿਚ ਸ਼ਹੀਦ ਸਦਾ ਦੀ ਨੀਂਦ ਸੌਂ ਗਿਆ। ਪਰ ਉਸ ਦੀ ਇਸ ਖ਼ਾਮੋਸ਼ ਮਸਤੀ ਨੂੰ ਤੋੜਨ ਦਾ ਹੌਸਲਾ ਤਾਂ ਲੋਹੇ ਦੇ ਵੱਡੇ-ਵੱਡੇ ਇੰਜਣਾਂ ਨੂੰ ਵੀ ਨਹੀਂ ਪੈਂਦਾ। ਉਹ ਵੀ ਸ਼ਹੀਦ ਦੇ ਚਰਨਾਂ ਤੇ ਝੁਕ ਜਾਂਦੇ ਹਨ ਤੇ ਅੱਗੇ ਤੁਰਨ ਤੋਂ ਇਨਕਾਰ ਕਰ ਦਿੰਦੇ ਹਨ। ਸ਼ਾਇਰ ਦਾ ਕਥਨ ਹੈ:-
“ਵਾਹ ਮਿੱਠੀਏ ਨੀਂਦੇ ਸਵਰਗ ਦੀਏ, ਸਭ ਤੇਰੇ ਅੱਗੇ ਝੁਕ ਜਾਂਦੇ।
ਲਹੂ ਵੇਖ ਕੇ ਤੇਰੇ ਆਸ਼ਕ ਦਾ, ਗੱਡੀਆਂ ਦੇ ਇੰਜਣ ਰੁਕ ਜਾਂਦੇ।
ਕੌਮਾਂ ਤੇ ਜੀਵਨ ਆ ਜਾਵੇ, ਤੇ ਮੁਰਝਿਆ ਜੀਵਨ ਖਿੜ ਜਾਵੇ।
ਅਰਸ਼ਾਂ ਤੇ ਜੈ ਜੈਕਾਰ ਹੋਵੇ, ਫਰਸ਼ਾਂ ਤੇ ਕੰਬਣੀ ਛਿੜ ਜਾਵੇ।”
ਸ਼ਹੀਦ ਦੀ ਮੌਤ ਦੇ ਦੋ ਪਹਿਲੂ ਹੁੰਦੇ ਹਨ। 1) ਸ਼ਹੀਦ ਦੀ ਮੌਤ ਜ਼ਾਲਮ ਦਾ ਮਨ ਸ਼ਾਂਤ ਕਰ ਦਿੰਦੀ ਹੈ ਅਤੇ ਉਹ ਜ਼ੁਲਮ ਕਰਨ ਤੋਂ ਬਾਜ ਆ ਜਾਂਦਾ ਹੈ। 2) ਜੇ ਉਹ ਜ਼ੁਲਮ ਕਰਨ ਤੋਂ ਬਾਜ ਨਾ ਆਵੇ, ਤਾਂ ਸ਼ਹੀਦ ਦਾ ਖ਼ੂਨ ਉਸ ਜ਼ੁਲਮ ਦੇ ਖਿਲਾਫ਼ ਭਾਰੀ ਇਨਕਲਾਬ ਲੈ ਆਉਂਦਾ ਹੈ। ਮੁਰਦਾ ਹੋ ਚੁੱਕੀਆਂ ਕੌਮਾਂ ਵੀ ਸ਼ਹੀਦ ਦੀ ਕੁਰਬਾਨੀ ਵੇਖ ਕੇ ਦੁਸ਼ਮਣ ਨਾਲ ਟੱਕਰ ਲੈਣ ਲਈ ਤਿਆਰ ਹੋ ਜਾਂਦੀਆਂ ਹਨ ਤੇ ਰਣ-ਤੱਤੇ ਵਿਚ ਜੂਝਣ ਲਈ ਸਮਰੱਥ ਬਣ ਜਾਂਦੀਆਂ ਹਨ:
“ਦਹਿਲ ਜਾਂਦੇ ਤਖ਼ਤ ਸ਼ਾਹੀਆਂ ਦੇ, ਭੁਚਾਲ ਜਿਹਾ ਆ ਜਾਂਦਾ ਹੈ।
ਸਰਹਿੰਦ ਜਿਹੀ ਜ਼ਾਲਮ ਬਸਤੀ ਨੂੰ, ਜੋ ਪਲਕਾਂ ਵਿਚ ਢਾਹ ਜਾਂਦਾ ਹੈ।”
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ ਇਸੇ ਯੂਨੀਵਰਸਲ ਨਿਯਮ ਦੇ ਅਧੀਨ ਹੋਈ, ਭਾਵੇਂ ਉਸ ਸਮੇਂ ਦੇ ਚਲਾਕ ਹਾਕਮਾਂ ਨੇ ਆਪ ਦੀ ਸ਼ਹਾਦਤ ਦਾ ਮਹੱਤਵ ਘਟਾਣ ਲਈ ਉਸ ਨੂੰ ਇਕ ਮਾਮੂਲੀ ਅਹਿਲਕਾਰ ਚੰਦੂ ਦੇ ਮੱਥੇ ਮੜ੍ਹਨ ਅਤੇ ਅਸਲ ਕਾਰਨਾਂ ਤੇ ਪੜਦਾ ਪਾਈ ਰੱਖਣ ਦਾ ਯਤਨ ਕੀਤਾ। ਪਰੰਤੂ ਅਸਲ ਭੇਦ ਕਦੀ ਨਾ ਕਦੀ ਪ੍ਰਗਟ ਹੋ ਕੇ ਹੀ ਰਹਿੰਦਾ ਹੈ।
ਸਵਾਲ ਉੱਠਦਾ ਹੈ ਕਿ ਜੇ ਗੁਰੂ ਜੀ, ਚੰਦੂ ਦੀ ਨਾਰਾਜ਼ਗੀ ਨਾ ਸਹੇੜਦੇ ਤੇ ਉਸ ਦੀ ਲੜਕੀ ਦਾ ਨਾਤਾ ਆਪਣੇ ਸਾਹਿਬਜ਼ਾਦੇ ਲਈ ਪ੍ਰਵਾਨ ਕਰ ਲੈਂਦੇ ਤਾਂ ਕੀ ਉਨ੍ਹਾਂ ਦੀ ਸ਼ਹਾਦਤ ਨਾ ਹੁੰਦੀ? ਇਹ ਖਿਆਲ ਕਰਨਾ ਨਿਰਮੂਲ ਹੈ। ਅਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜ਼ੁਲਮ ਦਾ ਨਾਸ਼ ਕਰਨ ਲਈ ਸੰਸਾਰ ਵਿਚ ਭੇਜਿਆ। ਆਪ ਨੇ ਦਸ ਜਾਮੇ ਧਾਰਨ ਕੀਤੇ। ਪਹਿਲੇ ਜਾਮੇ ਵਿਚ ਆਪ ਨੇ ਇਕ ਅਕਾਲ ਦਾ ਜਾਪ ਸਿਖਾਇਆ। ਦੂਜੇ ਜਾਮੇ ਵਿਚ ਸਰੀਰ ਨੂੰ ਮਜ਼ਬੂਤ ਕਰਨ ਲਈ ਮੱਲ ਅਖਾੜੇ ਰਚੇ। ਤੀਜੇ ਜਾਮੇ ਵਿਚ ਸਾਂਝਾ ਲੰਗਰ ਤੇ ਚੌਥੇ ਵਿਚ ਸਾਂਝਾ ਧਰਮ ਅਸਥਾਨ।
ਜਦੋਂ ਕੌਮ ਨੂੰ ਬਲਵਾਨ ਕਰਨ ਵਾਲੇ ਇਹ ਚਾਰੇ ਗੁਣ ਆ ਗਏ, ਤਾਂ ਇਨ੍ਹਾਂ ਨੂੰ ਜੀਵਨ-ਜਾਚ ਦੱਸਣ ਲਈ ਸ਼ਹਾਦਤ ਦਾ ਸਬਕ ਦੇਣਾ ਵੀ ਜ਼ਰੂਰੀ ਸੀ ਅਤੇ ਉਹ ਕੁਰਬਾਨੀ ਤੋਂ ਬਿਨਾਂ ਨਹੀਂ ਸੀ ਸਿਖਿਆ ਜਾ ਸਕਦਾ। ਜੀਊਂਦੇ ਰਹਿਣ ਲਈ ਮਰਨ ਦੀ ਜਾਚ ਸਿਖਾਣੀ ਜ਼ਰੂਰੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦਾ ਕਥਨ ਹੈ, “ਜੇ ਤੂੰ ਜੀਣਾ ਚਾਹੁੰਦਾ ਹੈਂ ਤਾਂ ਮਰਨ ਦੀ ਜਾਚ ਸਿੱਖ ਅਤੇ ਜੇ ਤੂੰ ਅਮਨ ਚਾਹੁੰਦਾ ਹੈਂ ਤਾਂ ਲੜਾਈ ਲਈ ਤਿਆਰ ਹੋ ਜਾ।” ਮੌਤ ਵਿਚੋਂ ਜੀਵਨ ਅਤੇ ਲੜਾਈ ਵਿਚੋਂ ਹੀ ਅਮਨ ਪੈਦਾ ਹੁੰਦਾ ਹੈ।
ਲੜਨ ਵਾਲੇ ਜਦ ਤੀਕ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਨਾ ਹੋ ਜਾਣ, ਫ਼ਤਹਿ ਹਾਸਲ ਨਹੀਂ ਕਰ ਸਕਦੇ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਆਦਰਸ਼ ਪੇਸ਼ ਕਰਨ ਲਈ ਘੋਰ ਕਸ਼ਟ ਸਹੇ ਅਤੇ ਕਮਜ਼ੋਰ ਹਿੰਦ ਵਾਸੀਆਂ ਨੂੰ ਨਿਰਭੈ ਹੋ ਕੇ ਸ਼ਹਾਦਤ ਦੇਣ ਦਾ ਸਬਕ ਸਿਖਾਇਆ। ਆਪਣੇ ਨਰੋਏ ਖ਼ੂਨ ਦਾ ਟੀਕਾ ਲਗਾ ਕੇ ਗੁਰੂ ਜੀ ਨੇ ਮੁਰਦਾ ਕੌਮ ਦੀਆਂ ਰਗਾਂ ਵਿਚ ਨਵੀਂ ਜਾਨ ਭਰ ਦਿੱਤੀ।
ਇਸ ਮਹਾਂ ਤਪੱਸਵੀ ਨੇ ਗੁਰਿਆਈ ਦੀ ਗੱਦੀ ਤੇ ਬੈਠਣ ਦੇ ਅਸਥਾਨ ਤੇ ਤਪ ਰਹੀ ਲੋਹ ਉੱਤੇ ਸਮਾਧੀ ਲਾਈ। ਜਿਸ ਸੀਸ ਤੇ ਚੌਰ ਝੁਲਦੇ ਹੁੰਦੇ ਸਨ, ਉਸ ਤੇ ਤੱਤੀ ਰੇਤ ਦੇ ਕੜਛੇ ਪਵਾਏ। ਸ੍ਰੀ ਹਰਿਮੰਦਰ ਸਾਹਿਬ ਵਿਚ ਬਿਰਾਜਣ ਵਾਲੇ ਸ਼ਹਿਨਸ਼ਾਹ ਉਬਲਦੀ ਦੇਗ ਵਿਚ ਬੈਠੇ ਵੀ ਸ਼ੁਕਰ ਮਨਾਂਦੇ ਰਹੇ।
ਸ਼ਹਾਦਤ ਦਾ ਅਸਲ ਕਾਰਨ ਸਮੇਂ ਦੇ ਬਾਦਸ਼ਾਹ ਜਹਾਂਗੀਰ ਦਾ ਤੁਅੱਸਬ ਹੈ। ਸ਼ਹਾਦਤ ਦੀ ਪੂਰੀ ਜ਼ਿੰਮੇਵਾਰੀ ਵੀ ਜਹਾਂਗੀਰ ਦੇ ਸਿਰ ਤੇ ਹੈ।
ਆਪ ਤੱਤੀ ਤਵੀ ਤੇ ਸਮਾਧੀ ਲਾ ਕੇ ਇਸ ਲਈ ਬੈਠੇ ਸਨ ਕਿ ਜ਼ੁਲਮ ਦੀ ਤਪ ਰਹੀ ਭੱਠੀ ਨੂੰ ਸ਼ਾਂਤ ਕੀਤਾ ਜਾਵੇ। ਹੇਠ ਜ਼ੋਰ ਦੀ ਅੱਗ ਮੱਚ ਰਹੀ ਸੀ, ਸਰੀਰ ਜਲ ਰਿਹਾ ਸੀ, ਪਰ ਆਪ ਲੋਹ ਤੇ ਬੈਠੇ ਹੋਏ ਉਚਾਰ ਰਹੇ ਸਨ:
-ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਅੰਗ 394)
-ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥ (ਅੰਗ 726)
ਬ੍ਰਹਮ ਗਿਆਨੀ ਦੀ ਮੂਰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਉਬਲਦੀ ਦੇਗ, ਤੱਤੀ ਰੇਤ ਤੇ ਗਰਮ ਲੋਹ ਆਈ। ਆਪ ਨੇ ਕਿਹਾ, “ਵਾਹਿਗੁਰੂ! ਤੇਰਾ ਨਾਮ ਸੀਤਲ ਹੈ। ਅੱਗ ਨੂੰ ਅੱਗ ਰਹਿਣ ਦੇਹ। ਪਰ ਮੈਨੂੰ ਆਪਣੇ ਨਾਮ ਦਾ ਸਦਕਾ ਸ਼ਾਂਤੀ ਦੇਹ ਤਾਂ ਕਿ ਮੈਂ ਇਸ ਸੇਕ ਨੂੰ ਬਰਦਾਸ਼ਤ ਕਰ ਸਕਾਂ” ਅਤੇ ਇਹ ਕੁਝ ਕਰ ਕੇ ਵੀ ਵਿਖਾ ਦਿੱਤਾ।
ਜਦ ਸਾਈਂ ਮੀਆਂ ਮੀਰ ਜੀ ਨੂੰ ਇਸ ਦੁਖਦਾਈ ਘਟਨਾ ਦਾ ਪਤਾ ਲੱਗਾ ਤਾਂ ਦੌੜੇ ਆਏ ਤੇ ਕਹਿਣ ਲੱਗੇ ਕਿ ਮੈਂ ਇਹ ਕੀ ਵੇਖ ਰਿਹਾ ਹਾਂ ਕਿ ਧਰਤੀ ਤੇ ਆਕਾਸ਼ ਦਾ ਮਾਲਕ ਤੱਤੀਆਂ ਤਵੀਆਂ ਤੇ ਬੈਠਾ ਹੈ! ਮੇਰੇ ਪਾਸ ਇਹ ਵੇਖਣ ਦੀ ਸ਼ਕਤੀ ਨਹੀਂ ਕਿ ਸਰਬ ਸ਼ਕਤੀਮਾਨ ਦਾਤਾ ਇਹੋ ਜਿਹੇ ਕਸ਼ਟ ਸਹਾਰੇ। ਮੈਨੂੰ ਹੁਕਮ ਕਰੋ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ।
ਗੁਰੂ ਜੀ ਨੇ ਸਾਈਂ ਜੀ ਨੂੰ ਧੀਰਜ ਦਿੰਦਿਆਂ ਕਿਹਾ, “ਇਹ ਜਲ ਰਹੀ ਅੱਗ ਮੇਰੇ ਹਿਰਦੇ ਨੂੰ ਤਪਾ ਨਹੀਂ ਸਕਦੀ। ਪ੍ਰਭੂ-ਭਾਣੇ ਨੂੰ ਮਿੱਠਾ ਕਰ ਕੇ ਮੰਨਣ ਨਾਲ ਹਿਰਦਾ ਬਾਹਰੀ ਅੱਗ ਨਾਲ ਤਪ ਨਹੀਂ ਸਕਦਾ।” ਸਾਈਂ ਜੀ ਨੇ ਬਿਹਬਲ ਹੋ ਕੇ ਕਿਹਾ, “ਕੋਮਲ ਸਰੀਰ ਦੇ ਜਲਾਣ ਵਿਚ ਕਿਸ ਆਦਰਸ਼ ਦੀ ਪੂਰਤੀ ਹੁੰਦੀ ਹੈ?” ਤਾਂ ਗੁਰੂ ਜੀ ਨੇ ਕਿਹਾ, ਇਸ ਵਿਚ ਇਕ ਗੁੱਝਾ ਭੇਦ ਹੈ। ਜਿਵੇਂ ਕਿਸੇ ਬੂਟੇ ਨੂੰ ਕਲਮ ਕਰਨ ਨਾਲ ਉਹ ਵਧਦਾ-ਫੁੱਲਦਾ ਹੈ, ਇਸੇ ਤਰ੍ਹਾਂ ਕੁਰਬਾਨੀ ਕਰਨ ਨਾਲ ਕੌਮਾਂ ਵਧਦੀਆਂ-ਫੁੱਲਦੀਆਂ ਹਨ। ਪਵਿੱਤਰ ਕੁਰਬਾਨੀ ਕਦੇ ਬਿਰਥੀ ਨਹੀਂ ਜਾਂਦੀ। ਇਹ ਕੁਰਬਾਨੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਨੂੰ ਅਮਲੀ ਸ਼ਕਲ ਦੇਣ ਲਈ ਹੀ ਕੀਤੀ ਗਈ ਹੈ।” ਕਿਉਂਕਿ-
ਰੇਠੇ ਦਿਲਾਂ ਨੂੰ ਪਿਆਰ ਦੀ ਪਿਉਂਦ ਲਾ ਕੇ, ਬੂਟਾ ਲਾਇਆ ਸੱਚਿਆਂ ਮਾਲੀਆਂ ਨੇ।
ਅੰਮ੍ਰਿਤ ਪਾ ਕੇ ਅੰਮ੍ਰਿਤ ਸਰ ਵਿਚੋਂ, ਜਿਸ ਨੂੰ ਸਿੰਜਿਆ ਜੱਗ ਦੇ ਵਾਲੀਆਂ ਨੇ।
ਇਤਨਾ ਉਸ ਨੂੰ ਸੇਵਾ ਦਾ ਬੂਰ ਲੱਗਾ, ਝੁਕੀਆਂ ਨਿਮਰਤਾ ਨਾਲ ਸਭ ਡਾਲੀਆਂ ਨੇ।
ਐਪਰ ਕਿਸੇ ਸ਼ਹੀਦ ਦੇ ਖ਼ੂਨ ਬਾਝੋਂ, ਆਈਆਂ ਫੁੱਲਾਂ ਚ ਅਜੇ ਨਾ ਲਾਲੀਆਂ ਨੇ।
ਅੱਜ ਉਸ ਦੀਆਂ ਜੜ੍ਹਾਂ ਦੇ ਵਿਚ ਪਿਆਰੇ, ਅਸਾਂ ਰੱਤ ਹੈ ਆਪਣੀ ਚੋ ਦਿੱਤੀ।
ਜਿਹੜਾ ਵੱਢੇਗਾ ਉਸ ਨੂੰ ਵੀ ਮਹਿਕ ਦੇਸੀ, ਚੰਦਨ ਵਾਂਗ ਹੈ ਭਰ ਖੁਸ਼ਬੋ ਦਿੱਤੀ।
ਗੁਰੂ ਜੀ ਨੇ ਕਿਹਾ, “ਸਾਈਂ ਜੀ! ਇਹ ਭਾਣਾ ਕਰਤਾਰ ਦੇ ਹੁਕਮ ਵਿਚ ਹੀ ਵਰਤ ਰਿਹਾ ਹੈ। ਇਸ ਦੀ ਅਤਿਅੰਤ ਜ਼ਰੂਰਤ ਸੀ। ਸ਼ਾਇਰ ਦੇ ਬੋਲ ਹਨ:
ਮੈਂ ਚਰਬੀ ਪਾ ਕੇ ਆਪੇ ਦੀ, ਇਹ ਪੰਥਕ ਜੋਤ ਜਗਾਣੀ ਏਂ।
ਸਿਰ ਤੱਤੀ ਰੇਤ ਪਵਾ ਕੇ ਮੈਂ, ਵਿਚ ਦੁਨੀਆਂ ਠੰਢ ਵਰਤਾਣੀ ਏਂ।
ਮੈਂ ਪੀ ਕੇ ਜਾਮ ਸ਼ਹੀਦੀ ਦਾ, ਇਕ ਮਸਤੀ ਨਵੀਂ ਚੜ੍ਹਾਣੀ ਏਂ।
ਮੈਂ ਖਾ ਉਬਾਲੇ ਦੇਗਾਂ ਵਿਚ, ਫਿਰ ਦੇਗ-ਤੇਗ ਵਰਤਾਣੀ ਏ।
ਮੈਂ ਜ਼ੁਲਮ ਦੇ ਅੱਗੇ ਝੁਕਣਾ ਨਹੀਂ, ਪਰ ਜ਼ੁਲਮ ਦੀ ਅਲਖ ਮੁਕਾਣੀ ਏਂ।
ਮੈਂ ਸਦਕੇ ਹੋ ਕੇ ਸੰਗਤ ਤੋਂ, ਸੰਗਤ ਦੀ ਰੱਖ ਵਿਖਾਣੀ ਏਂ।
ਦੋ-ਧਾਰੇ ਖੰਡੇ ਖੜਕਣਗੇ, ਕੀ ਆਪਾਂ ਇੱਟ ਖੜਕਾਣੀ ਏਂ!
ਮੂਧੇ-ਮੂੰਹ ਡਿੱਗੂ ਤਾਕਤ ਇਹ, ਇਕ ਐਸੀ ਘੜੀ ਵੀ ਆਣੀ ਏਂ।
ਖ਼ਾਲਸਾ ਜੀ! ਤੱਕੀਏ ਆਪਣੀ ਅਜੋਕੀ ਦਸ਼ਾ ਵੱਲ, ਇਸ ਨੂੰ ਸੰਵਾਰਨ ਦਾ ਯਤਨ ਕਰੀਏ। ਆਓ! ਅੱਜ ਸ਼ਹੀਦਾਂ ਦੇ ਸਿਰਤਾਜ ਦੇ ਸ਼ਹੀਦੀ ਦਿਨ ਤੇ ਉਸ ਦਾਤੇ ਅੱਗੇ ਦਿਲੋਂ-ਮਨੋਂ ਅਰਦਾਸ ਕਰੀਏ।… ਹੇ ਸ਼ਹੀਦਾਂ ਦੇ ਸਿਰਤਾਜ… ਪੰਥ ਦੀ ਜੋ ਮੌਜੂਦਾ ਦਸ਼ਾ ਹੈ, ਆਪਣੀ ਮਿਹਰ ਸਦਕਾ ਇਸ ਵਿਚ ਨਾਮ-ਬਾਣੀ ਦਾ ਪਿਆਰ ਬਖਸ਼ੋ। ਆਪ ਦੀ ਬਾਣੀ ਸਦਾ ਸਾਡੇ ਹਿਰਦਿਆਂ ਨੂੰ ਸ਼ਾਂਤੀ ਵਿਚ ਰੱਖੇ। ਧਰਮ ਦੀ ਆਨ, ਸਾਡੀਆਂ ਗਰਦਨਾਂ ਸ੍ਵੈਮਾਨ ਨਾਲ ਅਕੜਾਈ ਰੱਖੇ, ਪਰ ਸਾਡੇ ਹਿਰਦੇ ਸਦਾ ਸਰਬੱਤ ਦੇ ਭਲੇ ਵਿਚ ਦ੍ਰਵੀ-ਭੂਤ ਰਹਿਣ। ਆਪਣੀ ਚਰਨ-ਸ਼ਰਨ ਦਾ ਅਤੁੱਟ ਸਿਦਕ ਸਾਨੂੰ ਬਖਸ਼ੋ ਅਤੇ ਪੰਥਕ ਜਥੇਬੰਦੀ ਨੂੰ ਖੇਰੂੰ-ਖੇਰੂੰ ਹੋਣ ਤੋਂ ਹੱਥ ਦੇ ਕੇ ਬਚਾ ਲਵੋ। ਪੰਥ ਦੇ ਸੀਸ ਤੇ ਹੱਥ ਰੱਖ ਕੇ ਸਦਾ ਠੰਢ ਪਾਓ ਅਤੇ ਸਦਾ ਮਿਹਰ ਤੇ ਸਿਦਕ ਦੀ ਛਾਂ ਹੇਠ ਵਾਧਾ ਬਖਸ਼ੋ!