ਗੁਰੂ ਹਰਿਰਾਇ ਜੀ
ਜਗਤ ਗੁਰ ਬਾਬਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਤਵੀਂ, ਜੋਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਬਾਬਾ ਗੁਰਦਿਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ (ਨੱਤੀ ਜੀ) ਦੇ ਗ੍ਰਹਿ ਵਿਖੇ, ੮ ਮਾਰਚ, ੧੬੩੦ ਨੂੰ, ਸ੍ਰੀ ਕੀਰਤ ਪੁਰ ਸਾਹਿਬ ਪਰਗਟ ਹੋਏ।
ਆਪ ਜੀ ਦਲ ਭੰਜਨ ਗੁਰ ਸੂਰਮਾ ਜੀ ਦੇ ਛੋਟੇ ਪੋਤਰੇ ਸਨ। ਦਾਦਾ ਗੁਰੂ ਜੀ ਦੀ ਸੁਚੱਜੀ ਅਗਵਾਈ ਹੇਠ ਆਪ ਜੀ ਨੇ ਸੰਸਾਰੀ ਤੇ ਨਿਰੰਕਾਰੀ ਵਿੱਦਿਆ ਪ੍ਰਾਪਤ ਕੀਤੀ। ਜਿਥੇ ਆਪ ਜੀ ਸੂਰਮੇ ਸਨ ਓਥੇ ਫੁੱਲਾਂ ਸਮਾਨ ਨਰਮ ਹਿਰਦੇ ਦੇ ਮਾਲਕ, ਪ੍ਰਭੂ ਭਗਤੀ ਵਿਚ ਲੀਨ ਤੇ ਸਾਧੂ ਸੁਭਾ ਦੇ ਮਾਲਕ ਵੀ ਸਨ। ਉਹਨਾਂ ਦੇ ਹਿਰਦੇ ਕੀ ਕੋਮਲਤਾ ਨੂੰ ਦਰਸਾਉਂਦੀ ਉਹਨਾਂ ਦੇ ਬਚਪਨ ਸਮੇ ਦੀ ਇਕ ਸਾਖੀ ਸਿੱਖ ਇਤਿਹਾਸ ਵਿਚ ਇਉਂ ਪ੍ਰਾਪਤ ਹੁੰਦੀ ਹੈ:
ਆਪ ਜੀ ਇਕ ਦਿਨ ਆਪਣੇ ਬਾਗ਼ ਵਿਚ ਟਹਿਲ ਰਹੇ ਸਨ ਕਿ ਤੇਜ ਹਵਾ ਦਾ ਇਕ ਬੁੱਲਾ ਆਇਆ। ਉਸ ਬੁੱਲੇ ਦੇ ਜੋਰ ਨਾਲ਼ ਆਪ ਜੀ ਦਾ ਖੁਲ੍ਹਾ ਜਾਮਾ ਲਹਿਰਾਇਆ ਤੇ ਉਸਦੇ ਵੱਜਣ ਨਾਲ਼ ਟਾਹਣੀ ਨਾਲ਼ੋਂ ਕੁਝ ਫੁੱਲ ਟੁੱਟ ਕੇ ਭੁੰਜੇ ਡਿਗ ਪਏ। ਫੁੱਲ ਟੁੱਟਣ ਤੇ ਉਹਨਾਂ ਦੀਆਂ ਪੱਤੀਆਂ ਦਾ ਮਿੱਟੀ ਵਿਚ ਰੁਲਣਾ ਵੇਖ ਕੇ ਆਪ ਜੀ ਦਾ ਕੋਮਲ ਹਿਰਦਾ ਵੈਰਾਗਵਾਨ ਹੋ ਗਿਆ ਕਿ ਸੁੰਦਰਤਾ ਘੱਟੇ ਵਿਚ ਰੁਲ਼ ਗਈ। ਇਸ ਸਮੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੀ ਅਚਾਨਕ ਓਥੇ ਆਏ ਤਾਂ ਪੋਤਰੇ ਨੂੰ ਨਿਮੋਝੂਣਤਾ ਵਿਚ ਵੇਖ ਕੇ ਕਾਰਨ ਪੁਛਿਆ ਤਾਂ ਉਹਨਾਂ ਦੇ ਦੱਸਣ ਤੇ ਗੁਰੂ ਜੀ ਨੇ ਆਖਿਆ ਕਿ ਵੱਡਾ ਜਾਮਾ ਪਾਈਏ ਤਾਂ ਉਸਨੂੰ ਸੰਭਾਲ਼ ਕੇ ਵਿਚਰਨਾ ਚਾਹੀਦਾ ਹੈ। ਗੁਰੂ ਜੀ ਦਾ ਗੁੱਝਾ ਉਪਦੇਸ਼ ਸੀ ਕਿ ਵੱਡੀ ਸ਼ਕਤੀ ਦੇ ਮਾਲਕ ਹੋਣ ਕਰਕੇ ਵੱਡੀ ਸਾਵਧਾਨੀ ਦੀ ਲੋੜ ਹੁੰਦੀ ਹੈ। ਖਿਆਲ ਰੱਖੀਏ ਕਿ ਉਸ ਸ਼ਕਤੀ ਨਾਲ਼ ਵਿੱਸਰ ਭੋਲ਼ੇ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ। ਦਾਦਾ ਗੁਰੂ ਜੀ ਦੀ ਇਸ ਸਿੱਖਿਆ ਨੂੰ ਆਪ ਜੀ ਨੇ ਸਾਰੀ ਉਮਰ ਹੀ ਧਿਆਨ ਵਿਚ ਰੱਖ ਕੇ ਇਸ ਉਪਰ ਅਮਲ ਕੀਤਾ।
ਆਪ ਜੀ ਦਾ ਵਿਆਹ ਬੁਲੰਦ ਸ਼ਹਿਰ ਦੇ ਵਾਸੀ ਦਇਆ ਰਾਮ ਜੀ ਦੀ ਸਪੁਤਰੀ ਬੀਬੀ ਕ੍ਰਿਸਨ ਕੌਰ ਜੀ ਨਾਲ਼ ਹੋਇਆ ਤੇ ਦੋ ਸਾਹਿਬਜ਼ਾਦੇ, ਬਾਬਾ ਰਾਮ ਰਾਇ ਜੀ ਤੇ ਸੀ੍ਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਆਪ ਜੀ ਦੇ ਗ੍ਰਹਿ ਵਿਖੇ ਪਰਗਟ ਹੋਏ।
ਦਾਦਾ ਗੁਰੂ ਜੀ ਨੇ ੩ ਮਾਰਚ, ੧੬੪੪ ਨੂੰ ਜੋਤੀ ਜੋਤ ਸਮਾਉਣ ਸਮੇ, ਆਪ ਜੀ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਗੁਰਗੱਦੀ ਉਪਰ ਸੁਸ਼ੋਭਤ ਕਰ ਦਿਤਾ।
ਗੁਰਗੱਦੀ ਉਪਰ ਬਿਰਾਜਮਾਨ ਹੋਣ ਉਪ੍ਰੰਤ ਆਪ ਜੀ ਨੇ ਸਾਵਧਾਨਤਾ ਤੇ ਤਤਪਰਤਾ ਸਹਿਤ ਗੁਰਮਤਿ ਦੀ ਸਿੱਖਆ ਉਪਰ ਦ੍ਰਿੜ੍ਹਤਾ ਸਹਿਤ ਖ਼ੁਦ ਅਮਲ ਕੀਤਾ ਤੇ ਸਿੱਖ ਸੰਗਤਾਂ ਪਾਸੋਂ ਕਰਵਾਇਆ। ਨਾਮ, ਦਾਨ ਤੇ ਇਸ਼ਨਾਨ ਦੇ ਅਸੂਲ਼ ਦੀ ਪਾਲਣਾ ਦੇ ਨਾਲ਼ ਨਾਲ਼ ਆਪ ਜੀ ਨੇ ਗੁਰੂ ਕੇ ਲੰਗਰ ਤੇ ਗੁਸਿੱਖਾਂ ਦੇ ਘਰਾਂ ਅੰਦਰ ਚੱਲਦੇ ਲੰਗਰਾਂ ਵਾਸਤੇ ਉਚੇਚਾ ਉਪਦੇਸ਼ ਫੁਰਮਾਇਆ ਕਿ ਜਿਸ ਵੀ ਸਮੇ ਕੋਈ ਵੀ ਜਦੋਂ ਲੋੜਵੰਦ ਆਵੇ ਤਾ ਉਸਨੂੰ ਲੰਗਰ ਛਕਾਉਣ ਵਿਚ ਕੁਤਾਹੀ ਨਾ ਕੀਤੀ ਜਾਵੇ।
ਜੋਤੀ ਜਤ ਸਮਾਉਣ ਤੋਂ ਪਹਿਲਾਂ ਦਾਦਾ ਗੁਰੂ ਜੀ ਨੇ ਆਗਿਆ ਕੀਤੀ ਸੀ ਕਿ ਜੰਗ ਤੋਂ ਸੰਕੋਚ ਰੱਖਣਾ। ਬਾਈ ਸੌ ਤਿਆਰ ਬਰ ਤਿਆਰ ਘੋੜ ਸਵਾਰ ਸੂਰਮਿਆਂ ਦਾ ਦਸਤਾ ਸਦਾ ਸੰਗ ਰਹਿੰਦਾ ਸੀ। ਉਹਨਾਂ ਸੂਰਮਿਆਂ ਤੇ ਘੋੜਿਆਂ ਦੀ ਸੰਭਾਲ਼ ਆਪ ਜੀ ਉਚੇਚਾ ਧਿਆਨ ਰਖ ਕੇ ਕਰਦੇ। ਸ਼ਿਕਾਰ ਸਮੇ ਆਪ ਜੀ ਦਾ ਯਤਨ ਹੂੰਦਾ ਸੀ ਕਿ ਜਾਨਵਰ ਜੀਂਦਾ ਫੜ ਕੇ ਆਪਣੇ ਬਾਗ ਵਿਚ ਲਿਆ ਕੇ ਉਸਦੀ ਸੰਭਾਲ ਕੀਤੀ ਜਾਵੇ। ਇਸ ਤਰ੍ਹਾਂ ਆਪ ਜੀ ਦਾ ਬਾਗ ਇਕ ਤਰ੍ਹਾਂ ਦਾ ਚਿੜੀਆ ਘਰ ਹੀ ਬਣ ਗਿਆ ਸੀ।
ਜਿਥੇ ਆਪ ਜੀ ਮਨੁਖਾਂ ਦੀ ਆਤਮਿਕ ਸੰਭਾਲ਼ ਕਰਦੇ ਸਨ ਓਥੇ ਲੰਗਰ ਤੇ ਦਵਾਖਾਨੇ ਦੁਆਰਾ ਭੁੱਖ ਤੇ ਰੋਗਾਂ ਦੀ ਨਿਵਿਰਤੀ ਵੱਲ ਵੀ ਪੂਰਾ ਧਿਆਨ ਦਿੰਦੇ ਸਨ। ਆਪ ਜੀ ਦਾ ਦਵਾਖਾਨਾ ਏਨਾ ਪ੍ਰਸਿਧ ਹੋ ਚੁੱਕਾ ਸੀ ਦੂਰੋਂ ਦੂਰੋਂ ਲੋੜਵੰਦ ਆ ਕੇ ਆਪਣੇ ਸਰੀਰਕ ਰੋਗਾਂ ਦਾ ਇਲਾਜ ਕਰਵਾਇਆ ਕਰਿਆ ਕਰਦੇ ਸਨ। ਏਥੇ ਉਹਨਾਂ ਦੇ ਇਲਾਜ ਦੇ ਨਾਲ਼ ਹੋਰ ਵੀ ਹਰ ਪ੍ਰਕਾਰ ਦੀ ਸੇਵਾ ਦੁਆਰਾ ਆਤਮਿਕ ਤੇ ਸਰੀਰਕ ਤੰਦਰੁਸਤੀ ਦੀ ਬਖ਼ਸ਼ਿਸ਼ ਹੁੰਦੀ। ਇਕ ਵਾਰੀ ਦੇਸ਼ ਦੇ ਬਾਦਸ਼ਾਹ ਸ਼ਾਹ ਜਹਾਨ ਦਾ ਵਡਾ ਪੁੱਤਰ, ਦਾਰਾ ਸ਼ਿਕੋਹ ਬੀਮਾਰ ਹੋਇਆ ਤਾਂ ਉਸਦੇ ਇਲਾਜ ਵਾਸਤੇ ਖਾਸ ਚੀਜਾਂ ਆਪ ਜੀ ਦੇ ਦਵਾਖਾਨੇ ਤੋਂ ਹੀ ਪ੍ਰਾਪਤ ਹੋਈਆਂ ਸਨ ਤੇ ਉਸ ਨਾਲ਼ ਦਾਰਾ ਸ਼ਿਕੋਹ ਰਾਜੀ ਹੋਇਆ ਸੀ।
ਆਪ ਜੀ ਗੋਇੰਦਵਾਲ਼ ਵਿਖੇ ਸਨ ਕਿ ਦਿੱਲੀ ਦੇ ਤਖ਼ਤ ਦੇ ਕਬਜ਼ੇ ਦੀ ਲੜਾਈ ਵਿਚ ਨਿੱਕੇ ਭਰਾ ਦਾ ਭਜਾਇਆ ਦਾਰਾ ਸ਼ਿਕੋਹ ਆਪ ਜੀ ਪਾਸ ਆਇਆ ਤੇ ਇਕ ਦਿਨ ਵਾਸਤੇ ਔਰੰਗਜ਼ੇਬ ਦੀਆਂ ਪਿੱਛਾ ਕਰਦੀਆਂ ਆ ਰਹੀਆਂ ਫੌਜਾਂ ਨੂੰ ਰੋਕਣ ਵਾਸਤੇ ਬੇਨਤੀ ਕੀਤੀ ਤਾਂ ਕਿ ਉਹ ਸੁਰਖਿਅਤ ਅੱਗੇ ਨਿਕਲ਼ ਸਕੇ। ਆਪ ਜੀ ਨੇ ਇਕ ਦਿਨ ਵਾਸਤੇ ਆਪਣੇ ਬਾਈ ਸੌ ਸਵਾਰਾਂ ਨਾਲ਼ ਬਿਆਸ ਦਰਿਆ ਦਾ ਸੱਜਾ ਕੰਢਾ ਇਸ ਤਰ੍ਹਾਂ ਮੱਲ ਲਿਆ ਤੇ ਬੇੜੀਆਂ ਵੀ ਕਬਜੇ ਵਿਚ ਕਰ ਲਈਆਂ ਕਿ ਅੋਰੰਗਜ਼ੇਬ ਦੀਆਂ ਫੌਜਾਂ ਨੂੰ ਇਕ ਦਿਨ ਲਈ ਦਰਿਥਾ ਦੇ ਖੱਬੇ ਕੰਢੇ ਰੁਕਣਾ ਪਿਆ ਤੇ ਦਾਰਾ ਸ਼ਿਕੋਹ ਦੂਰ ਕਿਲ਼ ਗਿਆ। ਇਸ ਤਰ੍ਹਾਂ ਦਾਰਾ ਸ਼ਿਕੋਹ ਦੀ ਬੇਨਤੀ ਵੀ ਮੰਨੀ ਗਈ ਤੇ ਗੁਰੂ ਜੀ ਨੇ ਖ਼ੂਨ ਖਰਾਬਾ ਵੀ ਨਾ ਹੋਣ ਦਿਤਾ।
ਸਾਰੇ ਭਰਾਵਾਂ ਦੀ ਅਲ਼ਖ ਮੁਕਾ ਕੇ ਔਰੰਗਜ਼ੇਬ ਨੇ ਜਦੋਂ ਦਿੱਲੀ ਦੇ ਤਖ਼ਤ ਤੇ ਕਬਜਾ ਕਰ ਲਿਆ ਤਾਂ, ਉਸਨੇ ਆਪਣੀ ਇਤਿਹਾਸ ਪ੍ਰਸਿਧ ਨੀਤੀ ਅਨੁਸਾਰ ਸਾਰੇ ਹਿੰਦੁਸਤਾਨ ਦੇ ਇਸਲਾਮੀਕਰਣ ਦੀ ਨੀਤੀ ਉਪਰ ਅਮਲ ਸ਼ੁਰੂ ਕਰ ਦਿਤਾ। ਏਸੇ ਨੀਤੀ ਤਹਿਤ ਹੀ ਉਸਨੇ ਸ੍ਰੀ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਬੁਲਾਇਆ ਪਰ ਗੁਰੂ ਜੀ ਨੇ ਆਪ ਜਾਣ ਦੀ ਬਜਾਇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਨੂੰ ਭੇਜ ਦਿਤਾ। ਦਿੱਲੀ ਨੂੰ ਜਾਣ ਸਮੇ ਸਾਹਿਬਜ਼ਾਦੇ ਨੂੰ ਗੁਰੂ ਜੀ ਨੇ ਆਗਿਆ ਕੀਤੀ ਕਿ ਗੁਰੂ ਨਾਨਕ ਪਾਤਿਸ਼ਾਹ ਦੀ ਸਿੱਖਿਆ ਦਾ ਨਿਰਭੈਤਾ ਸਹਿਤ ਵਰਨਣ ਕਰਨਾ। ਕਿਸੇ ਪ੍ਰਕਾਰ ਦੀ ਸ਼ਾਹੀ ਝੇਂਪ ਨਹੀ ਮੰਨਣੀ। ਗੁਰੂ ਨਾਨਕ ਜੀ ਹਰ ਪ੍ਰਕਾਰ ਸਹਾਈ ਹੋਣਗੇ। ਬਾਬਾ ਰਾਮ ਰਾਇ ਜੀ ਨਾਲ਼ ਹੋਈ ਗੋਸ਼ਟ ਸਮੇ ਉਹਨਾਂ ਵੱਲੋਂ ਦਿਤੇ ਗਏ ਉਤਰਾਂ ਤੇ ਬਚਨਾਂ ਨਾਲ਼ ਔਰੰਗਜ਼ੇਬ ਨਿਰੁਤਰ ਤੇ ਪ੍ਰਭਾਵਤ ਹੋਇਆ ਤੇ ਉਸਨੂੰ ਦਰਬਾਰ ਵਿਚ ਸ਼ਾਹੀ ਇਜ਼ਤ ਤੇ ਮਾਣ ਸਤਿਕਾਰ ਦਿਤਾ ਗਿਆ।
ਇਕ ਦਿਨ ਔਰੰਗਜ਼ੇਬ ਨੇ ਅਚਾਨਕ, ”ਮਿਟੀ ਮੁਸਲ ਮਾਨ ਕੀ” ਵਾਲ਼ਾ ਸਵਾਲ ਸਾਹਿਬਜ਼ਾਦੇ ਨੂੰ ਕਰ ਦਿਤਾ। ਨੌਜਵਾਨ ਸਾਹਿਬਜ਼ਾਦੇ ਨੇ ਸ਼ਾਹੀ ਮਾਣ ਸਨਮਾਨ ਤੇ ਰੋਹਬ ਦੇ ਪ੍ਰਭਾਵ ਹੇਠ ਆ ਕੇ ਜਵਾਬ ਦੇਣ ਵਿਚ ਦੁਨਿਆਵੀ ਸਿਆਣਪ ਵਰਤਦਿਆਂ ਹੋਇਆਂ ਕੁਝ ਕਮਜੋਰੀ ਵਿਖਾ ਦਿਤੀ। ਔਰੰਜ਼ੇਬ ਵੀ ਖੁਸ਼ ਹੋ ਗਿਆ ਤੇ ਸਮਾ ਵੀ ਟਲ਼ ਗਿਆ ਪਰ ਜਦੋਂ ਪਿਤਾ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਸਨੂੰ ਗੁਰੂ ਘਰ ਵਿਚੋਂ ਛੇਕ ਦਿਤਾ ਤੇ ਸੰਗਤਾਂ ਨੂੰ ਵੀ ਹੁਕਮ ਕਰ ਦਿਤਾ ਕਿ ਇਸ ਨਾਲ਼ ਕੋਈ ਨਾ ਵਰਤੇ। ਰਾਮ ਰਾਇ ਫਿਰ ਗਰੂ ਘਰ ਦਾ ਵਿਰੋਧੀ ਹੋ ਗਿਆ। ਉਸਨੂੰ ਔਰੰਗਜ਼ੇਬ ਨੇ ਦੇਹਰਾ ਦੂਨ ਵਿਖੇ ਜਾਗੀਰ ਦੇ ਦਿਤੀ ਜਿਥੇ ਹੁਣ ਵੀ ਉਸਦਾ ਡੇਰਾ ਮੌਜੂਦ ਹੈ।
ਆਪ ਜੀ ਨੇ ਆਪਣੇ ਗੁਰਗੱਦੀ ਸਮੇ ਦੌਰਾਨ ਦੂਰ ਦੁਰਾਡੇ ਤੱਕ ਸਿੱਖ ਧਰਮ ਦਾ ਪ੍ਰਚਾਰ ਕੀਤਾ। ਮਨੁਖਤਾ ਦੀ ਭਲਾਈ ਵਾਸਤੇ ਬਹੁਤ ਸਾਰੇ ਕਾਰਜ ਕੀਤੇ ਤੇ ਆਪਣੇ ਸਿੱਖਾਂ ਨੂੰ ਵੀ ਇਸ ਪਾਸੇ ਦੀ ਭਰਪੂਰ ਪ੍ਰੇਰਨਾ ਕੀਤੀ।
ਗੁਰੂ ਜੀ ਦਾ ਦਿਨੋ ਦਿਨ ਵਧਦਾ ਪ੍ਰਤਾਪ ਵੇਖ ਕੇ ਗਵਾਢੀ ਪਹਾੜੀ ਰਾਜਿਆਂ ਦੇ ਮਨਾਂ ਅੰਦਰ ਈਰਖਾ ਜਾਗ ਪਈ। ਇਕ ਦਿਨ ਦੋ ਰਾਜੇ ਫੌਜ ਲੈ ਕੇ ਕੀਰਤਪੁਰ ਸਾਹਿਬ ਆ ਗਏ।ਉਹਨਾਂ ਦੇ ਦਿਲਾਂ ਵਿਚ ਮੰਦ ਭਾਵਨਾ ਸੀ ਕਿ ਗੁਰੂ ਜੀ ਪਾਸੋਂ ਧਨ ਉਗਰਾਹਵਾਂਗੇ ਜਾ ਫਿਰ ਉਹਨਾਂ ਨੂੰ ਕੀਰਤਪੁਰੋਂ ਕਢ ਦਿਆਂਗੇ। ਇਕ ਤਲਾ ਕੰਢੇ ਉਹਨਾਂ ਨੇ ਉਤਾਰਾ ਕੀਤਾ। ਅਗਲੇ ਦਿਨ ਗੁਰੂ ਦਰਬਾਰ ਵਿਚ ਆਏ ਤੇ ਗੁਰੂ ਜੀ ਨੂੰ ਮਥਾ ਟੇਕ ਕੇ ਸੰਗਤ ਵਿਚ ਬੈਠ ਗਏ। ਆਪ ਜੀ ਨੇ ਉਹਨਾਂ ਦੇ ਹਿਰਦੇ ਦੀ ਮਾੜੀ ਭਾਵਨਾ ਜਾਣਕੇ ਫੁਰਮਾਇਆ, ”ਫ਼ਕੀਰਾਂ ਪਾਸੋਂ ਕਰ ਨਹੀ ਉਗ੍ਰਾਹੀਦੇ ਹੁੰਦੇ। ਚਾਹੋ ਤਾਂ ਤੁਹਾਨੂੰ ਨਾਮ ਧਨ ਦਿਤਾ ਜਾ ਸਕਦਾ ਹੈ ਜੋ ਕਿ ਸੱਚਾ ਧਨ ਹੈ ਤੇ ਅਗਲੇ ਜਹਾਨ ਵੀ ਤੁਹਾਡੇ ਨਾਲ਼ ਜਾਵੇਗਾ।”
ਗੁਰੂ ਜੀ ਦੇ ਅਜਿਹੇ ਬਚਨ ਸੁਣਕੇ ਉਹਨਾਂ ਨੂੰ ਸੁਮੱਤ ਆ ਗਈ ਤੇ ਉਹ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਉਪਰ ਝੁਕ ਗਏ ਤੇ ਗੁਰ ਸਿੱਖੀ ਦੀ ਦਾਤ ਮੰਗੀ। ਹੋਰ ਸਿੱਖਿਆ ਤੋਂ ਇਲਾਵਾ ਗੁਰੂ ਜੀ ਨੇ ਉਹਨਾਂ ਨੂੰ ਚੰਗੇ ਰਾਜਾ ਬਣਨ ਦਾ ਉਪਦੇਸ਼ ਦਿੰਦਿਆਂ ਹੋਇਆਂ ਚੰਗੇ ਰਾਜੇ ਦੇ ਫਰਜਾਂ ਤੋਂ ਜਾਣੂ ਕਰਵਾਉਣ ਲਈ ਫੁਰਮਾਇਆ: ਰਾਜਾ ਇਨਸਾਫ਼ ਕਰੇ, ਹਲੀਮੀ ਵਾਲ਼ਾ ਰਾਜ ਕਰੇ, ਪਰਜਾ ਨੂੰ ਦੁਖ ਨਾ ਦੇਵੇ, ਕਿਉਂਕਿ ਪਰਜਾ ਦੇ ਦੁਖ ਤੇ ਕਰਤਾਰ ਨਾਰਾਜ ਹੋਵੇਗਾ, ਪਰ ਨਾਰੀ ਤੇ ਪਰ ਧਨ ਦਾ ਤਿਆਗ ਕਰਨਾ, ਸ਼ਰਾਬ ਨਾ ਪੀਣੀ, ਪਰਜਾ ਦੇ ਦੁਖ ਸੁਣਕੇ ਦੂਰ ਕਰਨੇ, ਪਰਜਾ ਜੜ੍ਹ ਹੁੰਦੀ ਹੈ ਤੇ ਰਾਜਾ ਟਾਹਣੀ; ਜੇਹੜਾ ਰਾਜਾ ਪਰਜਾ ਨੂੰ ਦੁਖੀ ਕਰਦਾ ਹੈ ਉਹ ਆਪਣੀ ਜੜ੍ਹੀਂ ਖ਼ੁਦ ਕੁਹਾੜਾ ਮਾਰਦਾ ਹੈ। ਲੋਕਾਂ ਦੇ ਭਲੇ ਲਈ ਤਾਲ, ਖੂਹ, ਪੁਲ, ਪਾਠਸ਼ਾਲਾ, ਧਰਮਸ਼ਾਲਾ, ਦਵਾਖਾਨਾ ਖੋਹਲੋ ਤੇ ਧਰਮ ਦਾ ਪ੍ਰਚਾਰ ਕਰੋ।
ਭਾਵੇਂ ਕਿ ਵਡੇ ਸਾਬਿਜ਼ਾਦੇ ਰਾਮ ਰਾਇ ਨੇ ਸਰਕਾਰੀ ਰਸੂਖ਼, ਗੁਰੂ ਘਰ ਦੇ ਵਿਰੋਧੀ ਕੁਝ ਮਸੰਦਾਂ, ਧੀਰ ਮੱਲ ਆਦਿ ਦੀ ਸਹਾਇਤਾ ਨਾਲ਼ ਗੁਰਗੱਦੀ ਹਥਿਆਉਣ ਦੇ ਯਤਨ ਕੀਤੇ ਪਰ ਆਪ ਜੀ ਨੇ ਇਸ ਸਭ ਕਾਸੇ ਦੀ ਵਿਚਾਰ ਤੋਂ ਉਪਰ ਉਠ ਕੇ ਤੇ ਯੋਗ ਜਾਣ ਕੇ, ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਗੱਦੀ ਉਪਰ ਬਿਰਾਜਮਾਨ ਕਰ ਦਿਤਾ। ਉਪ੍ਰੰਤ ਆਪ ਜੀ ੬ ਅਕਤੂਬਰ ੧੬੬੧ ਨੂੰ, ਪੌਣੇ ਕੁ ਬੱਤੀ ਸਾਲ ਦੀ ਸਰੀਰਕ ਉਮਰ ਇਸ ਸੰਸਾਰ ਵਿਚ ਬਿਤਾ ਕੇ, ਜੋਤੀ ਜੋਤ ਸਮਾ ਗਏ।
ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼
(ਪਰਮਜੀਤ ਸਿੰਘ ਕੇਸਰੀ )
੧) ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਨੂੰ ਵਿਚਾਰਿਆਂ ਪਤਾ ਲਗਦਾ ਹੈ ਕਿ ਆਪ ਸਦਾ ਹੀ ਧਰਮ ਦੇ ਨਾਂ ਤੇ ਪਾਖੰਡ ਕਰਨ ਵਾਲਿਆਂ ਦਾ ਪਾਜ ਉਘੇੜਦੇ ਆਏ ਹੋਂ । ਅਫਸੋਸ ! ਅੱਜ ਦਾ ਸਿੱਖ ਇਹਨਾਂ ਪਾਖੰਡੀਆਂ ਦੇ ਆਖੇ ਲਗ ਵਰਤ , ਸ਼੍ਰਾਦ , ਦੇਵੀ-ਦੇਵਤਿਆਂ ਦੀ ਪੂਜਾ , ਧਾਗੇ-ਤਵੀਤਾਂ ਆਦਿ ਵਿਚ ਵਿਸ਼ਵਾਸ ਰੱਖਦਾ ਹੈ ।
੨) ਗ੍ਰੀਨ੍ਲੀਜ਼ ਨਾਂ ਦੇ ਇੱਕ Philospher ਨੇ ਆਪਣੀ ਕਿਤਾਬ ” The Gospel OfGuru Granth Sahib Ji ” ਵਿਚ ਗੁਰੂ ਹਰ ਰਾਇ ਸਾਹਿਬ ਨੂੰ ” ਦਇਆ ਦੀ ਮੂਰਤ ” ਲਿਖਿਆ ਹੈ । ਮਨੁੱਖਤਾ ਦਾ ਭਲਾ ਮੰਗਣ ਵਾਲੇ ਸਤਗੁਰੂ ਵਲੋਂ ਹਦਾਇਤ ਸੀ ਕੇ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਨਗਾਰਾ ਵਜਾਇਆ ਜਾਏ ਤਾਂ ਕਿ ਕੋਈ ਇਹ ਨਾ ਆਖੇ ਕਿ ਸੱਦਾ ਨਹੀ ਦਿੱਤਾ ਗਿਆ । ਦਇਆਵਾਨ ਇਤਨੇ ਹਨ ਕਿ ਜਦੋਂ ਪਤਾ ਲੱਗਾ ਕਿ ਸ਼ਾਹ ਜਹਾਨ ਦਾ ਬੇਟਾ ਦਾਰਾ ਅਸਾਧ ਰੋਗ ਨਾਲ ਪੀੜਤ ਹੈ , ਓਸੇ ਸਮੇਂ ਆਪਣੇ ਸ਼ਫਾਖਾਨੇ ਵਿਚੋਂ ਦਵਾਈਆਂ ਭੇਜ ਦਿੱਤੀਆਂ । ਅਫਸੋਸ ! ਗੰਦੀ ਰਾਜਨੀਤੀ ਦੇ ਪ੍ਰਭਾਵ ਹੇਠ ਰਹਿਣ ਵਾਲਾ ਅਖੌਤੀ ਸਿੱਖ , ਆਪਣਿਆਂ ਦੀਆਂ ਦਸਤਾਰਾਂ ਨੂੰ ਹੱਥ ਪਾ ਰਿਹਾ ਹੈ , ਮਨੁੱਖਤਾ ਦੇ ਭਲੇ ਦੀਆਂ ਤਾਂ ਬਹੁਤ ਦੂਰ ਦੀਆਂ ਬਾਤਾਂ ਹਨ । ਕਿੰਨੀ ਹਾਸੋਹੀਣੀ ਗੱਲ ਹੈ , ਮਨੁੱਖਤਾ ਦੇ ਭਲੇ ਦਾ ਦਾਵਾ ਕਰਨ ਵਾਲਾ , ਵੋਟਾਂ ਖਾਤਿਰ ਨਸ਼ੇ ਵਰਤਾ ਕੇ ਮਨੁੱਖਤਾ ਦੇ ਉਜਾੜੇ ਲਈ ਜ਼ਿੰਮੇਵਾਰ ਹੁੰਦਾ ਹੈ ।
੩) ਗੁਰੂ ਨਾਨਕ ਸਾਹਿਬ ਦੀ ਜੋਤ ( ਗੁਰੂ ਅਮਰਦਾਸ ਸਾਹਿਬ ਜੀ ) ਸ਼ਰੀਰ ਤੇ ਮਾਰੀ ਸੱਟ ਬਰਦਾਸ਼ ਕਰ ਸਕਦੀ ਹੈ , ਗੁਰੂ ਨਾਨਕ ਸਾਹਿਬ ਜੀ ਦੀ ਜੋਤ ( ਗੁਰੂ ਅਰਜੁਨ ਸਾਹਿਬ ਜੀ ) ਤੱਤੀਆਂ ਤਵੀਆਂ ਤੇ ਬੈਠ ਕੇ ਸੀਸ ਵਿਚ ਗਰਮ ਰੇਤਾ ਵੀ ਪੁਆ ਸਕਦੀ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ( ਗੁਰੂ ਹਰ ਰਾਇ ਸਾਹਿਬ ਜੀ ) ਨੂੰ ਇਹ ਕਦੇ ਬਰਦਾਸ਼ ਨਹੀ ਕਿ ਕੋਈ ਗੁਰਬਾਣੀ ਦੀ ਬੇਅਦਬੀ ਕਰੇ । ਭਾਵੇਂ ਰਾਮ ਰਾਇ , ਗੁਰੂ ਹਰ ਰਾਇ ਸਾਹਿਬ ਜੀ ਦਾ ਵੱਡਾ ਪੁੱਤਰ ਹੈ ਪਰ ਜਦੋਂ ਓਹ ਗੁਰਬਾਣੀ ਦੀ ਤੌਹੀਨ ਕਰਦਾ ਹੈ , ਸਤਗੁਰੂ ਸਿਰਫ ਉਸਨੂੰ ਤਿਆਗਦੇ ਹੀ ਨਹੀ , ਬਲਕਿ ਉਸਨੂੰ ਮੂਰਖ ਤੇ ਨਲਾਇਕ ਵੀ ਆਖਦੇ ਹਨ । ਅਫਸੋਸ ! ਅੱਜ ਦੇ ਕੁਝ ਅਖੌਤੀ ਰਾਗੀ ਤੇ ਬਾਬੇ , ਸ਼ਬਦ ਗੁਰੂ ਨੂੰ ਛੱਡ ਕੇ ਕਚੀਆਂ ਧਾਰਨਾਵਾਂ ਗਾਉਣ ਤੇ ਪੂਰਾ ਜ਼ੋਰ ਲਾ ਰਹੇ ਹਨ । ਪ੍ਰਬੰਧਕਾਂ ਵਲੋਂ ਇਹਨਾਂ ਦੇ ਗਲ ਸਿਰੋਪੇ ਪੈ ਰਹੇ ਹਨ । ਜੇ ਕੋਈ ਪ੍ਰਚਾਰਕ ਸੰਗਤਾਂ ਨੂੰ ਇਹਨਾਂ ਦੇ ਸੰਬੰਧੀ ਸੁਚੇਤ ਕਰਦਾ ਹੈ ਤਾਂ ਉਸਨੂੰ ਕੁਝ ਅਗਿਆਨੀਆਂ ਵਲੋਂ ਨਿੰਦਕ ਆਖਿਆ ਜਾਂਦਾ ਹੈ ।
ਆਓ ! ਇਹਨਾਂ ਗਲਤੀਆਂ ਨੂੰ ਸੁਧਾਰ ਕਿ ਗੁਰੂ ਹਰ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ , ਪਿਆਰ ਨਾਲ ਮਨਾਈਏ ।